ਯੂਪੀ ਦੇ ਲਖੀਮਪੁਰ ਖੇੜੀ ਵਿਚ ਵਾਪਰੀ ਮੰਦਭਾਗੀ ਘਟਨਾ ਮਗਰੋਂ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ | ਮਾਮਲੇ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਵਿਰੁਧ ਵੀ ਮਾਮਲਾ ਦਰਜ ਹੋਇਆ ਹੈ | ਇਸ ਦੁਖਦਾਈ ਘਟਨਾਕ੍ਰਮ ਸਬੰਧੀ ਸਥਾਨਕ ਲੋਕਾਂ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਐਤਵਾਰ ਨੂੰ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦਾ ਇਕ ਪ੍ਰੋਗਰਾਮ ਸੀ |
ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਵਿਰੁਧ ਕਾਲੀਆਂ ਝੰਡੀਆਂ ਦਿਖਾ ਕੇ ਮੰਤਰੀਆਂ ਦਾ ਵਿਰੋਧ ਕੀਤਾ ਜਾਣਾ ਸੀ | ਕਿਸਾਨਾਂ ਵਲੋਂ ਮੰਤਰੀ ਦਾ ਹੈਲੀਕਾਪਟਰ ਉਤਾਰਨ ਸਮੇਂ ਉਨ੍ਹਾਂ ਦਾ ਵਿਰੋਧ ਕਰਨ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਮੰਤਰੀ ਨੇ ਅਪਣਾ ਰੂਟ ਬਦਲ ਲਿਆ | ਕਿਸਾਨ ਆਗੂ ਸਾਹਿਬ ਸਿੰਘ ਨੇ ਦਸਿਆ ਕਿ ਅਜੈ ਮਿਸ਼ਰਾ ਨੂੰ ‘ਬਾਹੂਬਲੀ ਸੰਸਦ ਮੈਂਬਰ’ ਵਜੋਂ ਜਾਣਿਆ ਜਾਂਦਾ ਹੈ
ਉਨ੍ਹਾਂ ਨੇ ਸਟੇਜ ਤੋਂ ਚੁਨੌਤੀ ਦਿਤੀ ਸੀ ਕਿ ਉਹ ਵਿਰੋਧ ਕਰ ਰਹੇ ਮੁੱਠੀ ਭਰ ਕਿਸਾਨਾਂ ਨੂੰ ਕੁਚਲ ਕੇ ਰੱਖ ਦੇਣਗੇ | ਸਥਾਨਕ ਲੋਕਾਂ ਅਨੁਸਾਰ ਇਸ ਐਲਾਨ ਤੋਂ ਬਾਅਦ ਮੰਤਰੀ ਦਾ ਪੁੱਤਰ ਹਥਿਆਰਾਂ ਨਾਲ ਲੈਸ ਕਈ ਗੱਡੀਆਂ ਸਣੇ ਫ਼ਾਇਰਿੰਗ ਕਰਦਾ ਕਿਸਾਨਾਂ ਵਲ ਵਧਿਆ | ਇਸ ਦੌਰਾਨ ਗੋਲੀ ਲੱਗਣ ਕਾਰਨ ਇਸ ਕਿਸਾਨ ਸ਼ਹੀਦ ਵੀ ਹੋ ਗਿਆ | ਬਾਕੀ ਤਿੰਨ ਕਿਸਾਨਾਂ ਦੀ ਮੌਤ ਗੱਡੀ ਹੇਠਾਂ ਆਉਣ ਕਾਰਨ ਹੋਈ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਮੰਤਰੀ ਦੇ ਪੁੱਤਰ ਦੀ ਮਨਸ਼ਾ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਸੀ |
ਇਸ ਤੋਂ ਬਾਅਦ ਸਾਹਮਣੇ ਤੋਂ ਆ ਰਹੀ ਬੱਸ ਕਾਰਨ ਉਨ੍ਹਾਂ ਦੀਆਂ ਗੱਡੀਆਂ ਪਲਟ ਗਈਆਂ ਤੇ ਗੱਡੀਆਂ ਤੋਂ ਗੋਲੀਬਾਰੀ ਕਰਦੇ ਸਮੇਂ ਇਨ੍ਹਾਂ ਗੱਡੀਆਂ ਨੂੰ ਅੱਗ ਲੱਗ ਗਈ | ਇਸ ਤੋਂ ਬਾਅਦ ਵੀ ਮੰਤਰੀ ਦੇ ਮੁੰਡੇ ਮੋਨੂੰ ਮਿਸ਼ਰਾ ਨੇ ਗੱਡੀ ਵਿਚੋਂ ਨਿਕਲ ਕੇ ਗੰਨਾ ਦੇ ਖੇਤਾਂ ਵਿਚੋਂ ਵੀ ਗੋਲੀਬਾਰੀ ਕੀਤੀ | ਕਿਸਾਨ ਆਗੂ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਇਸ ਮਾਮਲੇ ਦੀ ਪਾਰਦਰਸ਼ੀ ਜਾਂਚ ਨਹੀਂ ਕਰਦੀ ਤਾਂ ਅੰਦੋਲਨ ਨੂੰ ਹੋਰ ਅੱਗੇ ਲਿਜਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਸ਼ਹੀਦ ਹੋਏ ਕਿਸਾਨਾਂ ਨੂੰ 45-45 ਲੱਖ ਰੁਪਏ ਤੇ ਇਕ ਸਰਕਾਰੀ ਨੌਕਰੀ ਜਦਕਿ ਜ਼ਖ਼ਮੀ ਹੋਏ ਕਿਸਾਨਾਂ ਨੂੰ 10-10 ਲੱਖ ਰੁਪਏ ਦੇਣ ਦੀ ਸਹਿਮਤੀ ਬਣ ਗਈ |
ਕਿਸਾਨ ਆਗੂ ਨੇ ਦਸਿਆ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਹਮੇਸ਼ਾ ਹਥਿਆਰਾਂ ਨਾਲ ਲੈਸ ਰਹਿੰਦੇ ਹਨ ਅਤੇ ਉਨ੍ਹਾਂ ਵਿਰੁਧ ਕਤਲੇਆਮ ਸਣੇ ਹੋਰ ਕਈ ਤਰ੍ਹਾਂ ਦੇ ਮਾਮਲੇ ਚਲ ਰਹੇ ਹਨ |
ਇਸ ਬਾਰੇ ਸਥਾਨਕ ਲੋਕ ਚੰਗੀ ਤਰ੍ਹਾਂ ਜਾਣੂ ਹਨ | ਕਿਸਾਨਾਂ ਦਾ ਕਹਿਣਾ ਹੈ ਕਿ ਇਹ ਕਾਰਵਾਈ ਪਹਿਲਾਂ ਤੋਂ ਤੈਅ ਯੋਜਨਾ ਅਨੁਸਾਰ ਕੀਤੀ ਗਈ | ਇਸ ਦੌਰਾਨ ਗੋਲੀ ਲੱਗਣ ਕਾਰਨ ਇਕ ਪੱਤਰਕਾਰ ਦੀ ਵੀ ਮੌਤ ਹੋਈ ਹੈ | ਪੱਤਰਕਾਰ ਦਾ ਪ੍ਰਵਾਰ ਵੀ ਅਪਣੇ ਪੁੱਤਰ ਦੀ ਮੌਤ ਲਈ ਭਾਜਪਾ ਨੂੰ ਜ਼ਿੰਮੇਵਾਰ ਦਸ ਰਿਹਾ ਹੈ | ਕਿਸਾਨ ਆਗੂ ਨੇ ਚਸ਼ਮਦੀਦਾਂ ਦੇ ਹਵਾਲੇ ਤੋਂ ਦਸਿਆ ਕਿ ਪੁਲਿਸ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਲੜਕੇ ਦੀ ਭੱਜਣ ਵਿਚ ਮਦਦ ਕੀਤੀ ਹੈ | ਇਹ ਸਾਰਾ ਕੰਮ ਕੇਂਦਰ ਦੀ ਭਾਜਪਾ ਸਰਕਾਰ ਦੀ ਦੇਖ-ਰੇਖ ਵਿਚ ਹੋ ਰਿਹਾ ਹੈ |