ਘਟਨਾ ਲਕਸਰ ਦੀ ਹੈ ਜਿੱਥੇ ਕੁਝ ਦਿਨ ਪਹਿਲਾਂ ਇੱਕ ਸਿੱਖ ਵਿਅਕਤੀ ਦੀ ਪੁਲਿਸ ਵੱਲੋਂ ਕੁੱਟਮਾਰ ਕੀਤੀ ਗਈ ਸੀ ਅਤੇ ਉਸ ਦੀ ਪੱਗ ਉਤਾਰ ਦਿੱਤੀ ਗਈ ਸੀ। ਦਰਅਸਲ, ਸਿੱਖ ਵਿਅਕਤੀ ਰਸਤੇ ਵਿੱਚ ਹੋਏ ਐਕਸੀਡੈਂਟ ਵਿਚ ਇੱਕ ਪਰਿਵਾਰ ਦੀ ਮਦਦ ਲਈ ਰੁਕਿਆ ਸੀ, ਜਿਸ ਵਿੱਚ ਇੱਕ ਬੱਚੇ ਦੀ ਮੌਤ ਹੋ ਗਈ ਸੀ। ਉਸ ਮੌਕੇ ਸਿੱਖ ਵਿਅਕਤੀ ਦੀ ਪੁਲਿਸ ਨਾਲ ਕੁਝ ਨੋਕਝੋਕ ਹੋਈ ਜਿਸ ਤੋਂ ਬਾਦ ਪੁਲਿਸ ਨੇ ਉਸ ਨਾਲ ਮਾਰ ਕੁੱਟ ਸ਼ੁਰੂ ਕਰਤੀ ਅਤੇ ਉਸਦੀ ਪੱਗ ਵੀ ਉਤਾਰੀ ਗਈ । ਜਿਸ ਤੋਂ ਬਾਅਦ ਸਿੱਖ ਵਿਅਕਤੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲ੍ਹਾ ਪ੍ਰਧਾਨ ਸਰਦਾਰ ਜਗਜੀਤ ਸਿੰਘ ਜੱਗਾ ਕੋਲ ਪਹੁੰਚੇ ਅਤੇ ਉਹਨਾਂ ਨੂੰ ਸਾਰੀ ਗੱਲ ਦੱਸੀ ਤਾਂ ਜਗਜੀਤ ਸਿੰਘ ਜੱਗਾ ਨੇ ਤੁਰੰਤ ਮਾਮਲੇ ਦਾ ਨੋਟਿਸ ਲੈਂਦਿਆਂ ਸੀਓ ਨਾਲ ਗੱਲ ਕਰਕੇ ਪੂਰੇ ਮਾਮਲੇ ਦੀ ਜਾਣਕਾਰੀ ਲਈ।
ਜਗਜੀਤ ਸਿੰਘ ਜੱਗਾ ਨੇ Qtv ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੱਲ ਕਰਦਿਆਂ ਸੀ.ਓ ਦਾ ਰਵੱਈਆ ਬਹੁਤ ਗਲਤ ਸੀ, ਉਹਨਾਂ ਕਿਹਾ ਕਿ ਸੀ.ਓ ਦਾ ਕਹਿਣਾ ਹੈ ਕਿ ਸਿੱਖ ਨੌਜਵਾਨ ਉਥੇ ਪੁਲਿਸ ਨਾਲ ਬਦਸਲੂਕੀ ਕਰ ਰਿਹਾ ਸੀ, ਮੋਬਲਿੰਚਿੰਗ ਕਰ ਰਿਹਾ ਸੀ, ਅਤੇ ਸਾਡੇ ਵੱਲੋਂ ਉਸਦਾ ਚਲਾਨ ਕਰ ਕੇ ਉਸਨੂੰ ਛੱਡ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਨੌਜਵਾਨ ਉਥੇ ਪਰਿਵਾਰ ਦੀ ਮਦਦ ਲਈ ਗਿਆ ਸੀ ਤਾਂ ਇਕੱਲਾ ਵਿਅਕਤੀ ਕਿਵੇਂ ਮੌਬਲਿੰਚਿੰਗ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸੀ.ਓ ਦਾ ਇੱਕ ਧਰਮ ਪ੍ਰਤੀ ਰਵੱਈਆ ਪਿਛਲੇ ਸਮੇਂ ਵਿੱਚ ਬਹੁਤ ਗਲਤ ਰਿਹਾ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਸਿੱਖ ਸਮਾਜ ਇਕੱਠੇ ਹੋ ਕੇ ਇਸ ਮਾਮਲੇ ਵਿੱਚ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰੇਗਾ।