ਪੰਜਾਬ ਵਿਧਾਨ ਸਭਾ ਚੋਣਾਂ 2022 ਦੀ ਵੋਟਿੰਗ ’ਚ ਆਮ ਆਦਮੀ ਪਾਰਟੀ ਨੂੰ ਪੂਰਨ ਬਹੁਮਤ ਮਿਲਿਆ ਹੈ। ਪਾਰਟੀ ਨੇ 117 ਵਿੱਚੋਂ 92 ਸੀਟਾਂ ’ਤੇ ਜਿੱਤ ਦਰਜ ਕੀਤੀ ਹੈ । ਆਪ ਦਾ ਸੀਐਮ ਫੇਸ ਭਗਵੰਤ ਮਾਨ ਸੰਗਰੂਰ ਦੀ ਧੂਰੀ ਸੀਟ ਤੋਂ ਜਿੱਤ ਗਏ ਹਨ।ਭਗਵੰਤ ਮਾਨ ਜਿੱਤ ਦਾ ਸਰਟੀਫ਼ਿਕੇਟ ਲੈਣ ਤੋਂ ਬਾਅਦ ਗੁਰਦੁਆਰਾ ਸ੍ਰੀ ਮਸਤੂਆਣਾ ਸਾਹਿਬ ਵਿਖੇ ਨਤਮਸਤਕ ਹੋਏ। ਪਰਮਾਤਮਾ ਦਾ ਸ਼ੁਕਰਾਨਾ ਕੀਤਾ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ।
ਕਪੂਰਥਲਾ ’ਚ ਕਾਂਗਰਸ ਦੇ ਰਾਣਾ ਗੁਰਜੀਤ ਸਿੰਘ ਜਿੱਤ ਗਏ ਹਨ। ਉਨ੍ਹਾਂ ਦੇ ਪੁੱਤਰ ਵੀ ਆਜ਼ਾਦ ਉਮੀਦਵਾਰ ਤੇ ਤੌਰ ’ਤੇ ਜਿੱਤ ਗਏ ਹਨ। ਪੰਜਾਬ ਦੇ ਸੀਐਮ ਚਰਨਜੀਤ ਸਿੰਘ ਚੰਨੀ ਆਪਣੇ ਹਲਕਿਆਂ ਤੋਂ ਹਾਰ ਗਏ ਹਨ। ਅੰਮ੍ਰਿਤਸਰ ਪੂਰਬੀ ਤੋਂ ਨਵਜੋਤ ਸਿੰਘ ਸਿੱਧੂ ਵੀ ਆਪਣੇ ਹਲਕੇ ਤੋਂ ਚੋਣ ਹਾਰ ਗਏ ਹਨ।
ਵਿਧਾਨ ਸਭਾ ਦੀਆਂ 117 ਸੀਟਾਂ ਲਈ 20 ਫਰਵਰੀ ਨੂੰ ਵੋਟਿੰਗ ਹੋਈ ਸੀ। ਇਸ ਵਾਰ ਸੂਬੇ ਵਿੱਚ 71.95 ਫੀਸਦੀ ਪੋਲਿੰਗ ਦਰਜ ਕੀਤੀ ਗਈ ਹੈ।ਅੱਜ ਪੰਜਾਬ ਵਿਧਾਨ ਸਭਾ ਚੋਣਾਂ ਦੀ ਵੋਟਿੰਗ ’ਚ ਸਾਰੀਆਂ 117 ਸੀਟਾਂ ’ਤੇ ਨਤੀਜੇ ਐਲਾਨ ਦਿੱਤੇ ਗਏ ਹਨ। ਇਸ ’ਚ ਆਮ ਆਦਮੀ ਪਾਰਟੀ ਨੂੰ 92 ਸੀਟਾਂ ’ਤੇ ਜਿੱਤ ਪ੍ਰਾਪਤ ਹੋਈ ਹੈ। ਕਾਂਗਰਸ ਨੂੰ 18 ਸੀਟਾਂ ’ਤੇ ਕਾਮਯਾਬੀ ਮਿਲੀ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਚਾਰ ਸੀਟਾਂ ਮਿਲੀਆਂ ਹਨ। ਭਾਜਪਾ ਨੂੰ ਦੋ ਸੀਟਾਂ ਹੀ ਮਿਲ ਸਕੀਆਂ ਹਨ।