ਨਾਨਕਮੱਤਾ । ਗੁਰਦੁਆਰਾ ਸ੍ਰੀ ਨਾਨਕਮੱਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਡਾਇਰੈਕਟਰ ਦੇ ਅਹੁਦੇ ਲਈ ਮੰਗਲਵਾਰ ਨੂੰ ਦੂਜੇ ਪੜਾਅ ਦੀ ਵੋਟਿੰਗ ਹੋਈ।ਇਸ ਦੌਰਾਨ ਚੋਣ ਅਧਿਕਾਰੀਆਂ ਵੱਲੋਂ ਤਿੰਨ ਚੁਣੇ ਹੋਏ ਡੈਲੀਗੇਟਾਂ ਨੂੰ ਵੋਟ ਪਾਉਣ ਤੋਂ ਇਨਕਾਰ ਕੀਤਾ ਗਿਆ ਜਿਸ ਤੋਂ ਬਾਦ ਓਥੇ ਓਹਨਾਂ ਨੇ ਹੰਗਾਮਾ ਖੜ੍ਹਾ ਕਰ ਦਿੱਤਾ। ਚੋਣ ਅਧਿਕਾਰੀ ’ਤੇ ਨਿਰਪੱਖ ਚੋਣਾਂ ਨਾ ਕਰਵਾਉਣ ਦਾ ਦੋਸ਼ ਲਾਉਂਦਿਆਂ ਉਨ੍ਹਾਂ ਸਮਰਥਕਾਂ ਸਮੇਤ ਧਰਨਾ ਦਿੱਤਾ।
ਗੁਰਦੁਆਰਾ ਸ੍ਰੀ ਨਾਨਕਮੱਤਾ ਸਾਹਿਬ ਦੀ ਨਵੀਂ ਪ੍ਰਬੰਧਕੀ ਕਮੇਟੀ ਦੇ ਡਾਇਰੈਕਟਰਾਂ ਲਈ ਚਾਰ ਰੋਜ਼ਾ ਵੋਟਿੰਗ ਦੇ ਦੂਜੇ ਪੜਾਅ ਤਹਿਤ ਮੰਗਲਵਾਰ ਨੂੰ ਛੇ ਵਾਰਡਾਂ ਲਈ ਵੋਟਾਂ ਪਈਆਂ। ਵਾਰਡ ਨੰਬਰ 13 ਤੋਂ ਚੁਣੇ ਗਏ ਤਿੰਨ ਡੈਲੀਗੇਟਾਂ ਨੂੰ ਚੋਣ ਅਧਿਕਾਰੀ ਵੱਲੋਂ ਵੋਟ ਪਾਉਣ ਤੋਂ ਇਨਕਾਰ ਕਰਨ ’ਤੇ ਹੰਗਾਮਾ ਹੋ ਗਿਆ। ਹੰਗਾਮੇ ਦੇ ਬਾਵਜੂਦ ਤਿੰਨੋਂ ਡੈਲੀਗੇਟ ਵੋਟ ਨਹੀਂ ਪਾ ਸਕੇ।
ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਵਾਰਡ ਨੰ: 2 ਤਹਿਸੀਲ ਬਾਜਪੁਰ ਬੰਨਾਖੇੜਾ, ਵਾਰਡ ਨੰ: 5 ਤਹਿਸੀਲ ਕਾਸ਼ੀਪੁਰ ਅਤੇ ਰਾਮਨਗਰ, ਵਾਰਡ ਨੰ: 14 ਸਿਤਾਰਗੰਜ, ਖਟੀਮਾ ਦਾ ਉੱਤਰੀ ਪਾਸਾ ਅਤੇ ਕਿੱਛਾ ਰੋਡ, ਵਾਰਡ ਨੰ: 22 ਸ਼ਾਹਜਹਾਨਪੁਰ, ਨਿਗੋਹੀ, ਪੁਵਾਇਆਂ, ਬੰਡਾ ਅਤੇ ਵਾਰਡ ਨੰ: 23 ਤਹਿਸੀਲ ਲਖੀਮਪੁਰ ਖੀਰੀ ਅਤੇ ਤਹਿਸੀਲ ਮੁਹੰਮਦੀ ਪਲੀਆ ਲਈ ਵੋਟਿੰਗ ਹੋਈ।
ਡੈਲੀਗੇਟ ਪੋਲਿੰਗ ਸਟੇਸ਼ਨ ਦੇ ਬਾਹਰ ਲਾਈਨ ਵਿੱਚ ਖੜ੍ਹੇ ਸਨ। ਇਸੇ ਦੌਰਾਨ ਵਾਰਡ ਨੰਬਰ 13 ਸਿਤਾਰਗੰਜ ਖਟੀਮਾ ਤੋਂ ਚੁਣੇ ਗਏ ਤਿੰਨ ਡੈਲੀਗੇਟ ਬਲਜੀਤ ਸਿੰਘ, ਗੁਰਮੀਤ ਸਿੰਘ ਅਤੇ ਰਘੁਵੀਰ ਸਿੰਘ ਆਪਣੀ ਵੋਟ ਪਾਉਣ ਲਈ ਪੁੱਜੇ ਤਾਂ ਪੋਲਿੰਗ ਸਟੇਸ਼ਨ ’ਤੇ ਤਾਇਨਾਤ ਪੁਲੀਸ ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਦੇ ਨਾਂ ਸੂਚੀ ਵਿੱਚੋਂ ਹਟਾ ਦਿੱਤੇ ਗਏ ਹਨ। ਇਸ ‘ਤੇ ਤਿੰਨਾਂ ਨੇ ਵਿਰੋਧ ਕੀਤਾ ਅਤੇ ਹੰਗਾਮਾ ਸ਼ੁਰੂ ਕਰ ਦਿੱਤਾ। ਪੁਲਿਸ ਤਿੰਨਾਂ ਨੂੰ ਗੇਟ ਤੋਂ ਬਾਹਰ ਲੈ ਗਈ। ਜਦੋਂ ਉਨ੍ਹਾਂ ਦੇ ਸਮਰਥਕਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਵੀ ਹੰਗਾਮਾ ਕਰ ਦਿੱਤਾ। ਚੋਣ ਅਧਿਕਾਰੀ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਗੇਟ ’ਤੇ ਹੀ ਧਰਨੇ ’ਤੇ ਬੈਠ ਗਏ। ਉਨ੍ਹਾਂ ਚੋਣ ਅਧਿਕਾਰੀ ’ਤੇ ਨਿਰਪੱਖ ਚੋਣਾਂ ਨਾ ਕਰਵਾ ਕੇ ਦਬਾਅ ਹੇਠ ਚੋਣਾਂ ਕਰਵਾਉਣ ਦਾ ਦੋਸ਼ ਲਾਇਆ। ਪੋਲਿੰਗ ਦਾ ਸਮਾਂ ਖਤਮ ਹੋਣ ਤੋਂ ਬਾਅਦ ਹੰਗਾਮਾ ਕਰਨ ਵਾਲੇ ਤਿੰਨੇ ਡੈਲੀਗੇਟ ਧਰਨਾ ਸਮਾਪਤ ਕਰਕੇ ਬਿਨਾਂ ਵੋਟ ਪਾਏ ਹੀ ਚਲੇ ਗਏ।