ਅੰਮ੍ਰਿਤਸਰ। ਜੰਡਿਆਲਾ ਗੁਰੂ ਦੇ ਰਹਿਣ ਵਾਲੇ ਇੱਕ ਸਿੱਖ ਨੌਜਵਾਨ ਨਾਲ ਬੇਰਹਿਮੀ ਨਾਲ ਕੁੱਟਮਾਰ ਅਤੇ ਬਦਸਲੂਕੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਰਹਿਣ ਵਾਲੇ ਇੱਕ ਸਿੱਖ ਨੌਜਵਾਨ ਨੂੰ ਉਧਾਰ ਦਾ ਪੈਸਾ ਵਾਪਸ ਮੰਗਣਾ ਮਹਿੰਗਾ ਪੈ ਗਿਆ। ਬੇਰਹਿਮੀ ਨਾਲ ਇਸ ਨੌਜਵਾਨ ਨਾਲ ਬਦਸਲੂਕੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈ ਗਈ ਹੈ।

ਜਾਣਕਾਰੀ ਮੁਤਾਬਿਕ ਜੰਡਿਆਲਾ ਗੁਰੂ ਦੇ ਇੱਕ ਸਿੱਖ ਨੌਜਵਾਨ ਨੂੰ ਪਹਿਲਾਂ ਤਾਂ ਵਾਲਾਂ ਤੋਂ ਫੜ ਕੇ ਘਸੀਟਿਆ ਗਿਆ ਤੇ ਫਿਰ ਜੁੱਤੀ ‘ਚ ਪਾਣੀ ਪਿਲਾਇਆ ਗਿਆ। ਜ਼ਖਮੀ ਹਾਲਤ ‘ਚ ਇਹ ਨੌਜਵਾਨ ਗੁਰੂ ਨਾਨਕ ਦੇਵ ਹਸਪਤਾਲ ਦਾਖਲ ਹੈ।
ਪੀੜਤ ਨੌਜਵਾਨ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਇਸੇ ਪਿੰਡ ਦੇ ਇੱਕ ਪਰਿਵਾਰ ਨੇ ਉਸ ਤੋਂ 2.50 ਲੱਖ ਰੁਪਏ ਉਧਾਰ ਲਏ ਸਨ। ਪਹਿਲਾਂ ਪਰਿਵਾਰ ਉਸ ਨਾਲ ਨੇੜਤਾ ਵਧਾਉਂਦਾ ਗਿਆ ਤੇ ਉਸ ਨੂੰ ਅੰਮ੍ਰਿਤਸਰ ਸ਼ਹਿਰ ਵੀ ਲੈ ਜਾਂਦਾ ਰਿਹਾ, ਫਿਰ ਭੈਣ-ਭਰਾ ਬਣ ਕੇ ਉਸ ਕੋਲੋਂ ਪੈਸੇ ਮੰਗਦਾ ਰਿਹਾ। ਜਦੋਂ ਉਹ ਉਨ੍ਹਾਂ ਤੋਂ ਪੈਸੇ ਮੰਗਣ ਲੱਗਾ ਤਾਂ ਉਹ ਟਾਲ-ਮਟੋਲ ਕਰਦੇ ਰਹੇ। ਬੀਤੇ ਦਿਨ ਸਵੇਰੇ ਉਸ ਨੂੰ ਅੰਮ੍ਰਿਤਸਰ ਤੋਂ ਅਗਵਾ ਕਰਕੇ ਜੰਡਿਆਲਾ ਗੁਰੂ ਲਿਜਾਇਆ ਗਿਆ, ਜਿੱਥੇ ਉਸ ਦੀ ਕੁੱਟਮਾਰ ਕੀਤੀ ਗਈ।