ਮੈਰੀਲੈਂਡ(ਅਮਰੀਕਾ)
ਸੰਯੁਕਤ ਕਿਸਾਨ ਮੋਰਚਾ ਮੈਰੀਲੈਂਡ ਸੂਬੇ ਦੇ ਆਗੂ ਸ: ਬਲਜਿੰਦਰ ਸਿੰਘ ਸ਼ੰਮੀ ਨੇ ਬਹੁਤ ਹੀ ਭਾਵੁਕ ਹੁੰਦਿਆਂ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਲਖੀਮਪੁਰ ਖੀਰੀ ਦੀ ਘਟਨਾ ਦੀ ਅਸੀਂ ਪੁਰਜ਼ੋਰ ਸ਼ਬਦਾਂ ‘ਚ ਨਿਖੇਧੀ ਕਰਦੇ ਹਾਂ। ਉਹਨਾਂ ਨੇ ਕਿਹਾ ਕਿ ਇਸ ਘਟਨਾ ਵਿਚ ਸ਼ਹੀਦ ਹੋਏ ਕਿਸਾਨਾਂ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ ਸਗੋਂ ਯੂ. ਪੀ ਦੇ ਇਤਿਹਾਸ ਵਿੱਚ ਇਕ ਨਵਾਂ ਅਧਿਆਏ ਲਿਖਿਆ ਜਾਵੇਗਾ।
ਇਸ ਮੌਕੇ ਉਨ੍ਹਾਂ ਦੇ ਨਾਲ ਗੁਰਵਿੰਦਰ ਸੇਠੀ, ਸਰਬਜੀਤ ਢਿੱਲੋਂ, ਰਜਿੰਦਰ ਸਿੰਘ ਗੋਗੀ,ਬਲਜੀਤ ਗਿੱਲ, ਸੁਰਿੰਦਰ ਸਿੰਘ ਬਾਬੂ, ਕਰਮਜੀਤ ਸਿੰਘ, ਸ਼ਿਵਰਾਜ ਸਿੰਘ ਗੁਰਾਇਆਂ, ਸਰਬਜੀਤ ਸਿੰਘ ,ਗੁਰਮੇਲ ਸਿੰਘ,ਬਲਜੀਤ ਸਿੰਘ ਅਤੇ ਸੰਦੀਪ ਸਿੰਘ ਰੰਧਾਵਾ ਨੇ ਵੀ ਬੀ. ਜੇ .ਪੀ ਮੰਤਰੀ ਅਤੇ ਉਸ ਦੇ ਪੁੱਤਰ ਦੀ ਕਰਤੂਤ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਸ: ਬਲਜਿੰਦਰ ਸਿੰਘ ਸ਼ੰਮੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਕਿਸਾਨਾਂ ਨੂੰ ਆਪਣਾ ਦੁਸ਼ਮਣ ਸਮਝਣ ਲੱਗੀ ਹੈ ਜੋ ਉਸ ਦੀ ਸਭ ਤੋਂ ਵੱਡੀ ਗਲਤੀ ਹੈ। ਇਸ ਦੇਸ਼ ਦੀ ਜਨਤਾ ਇਹ ਜਾਣਦੀ ਹੈ ਕਿ ਕਿਸਾਨ ਆਮ ਲੋਕਾਂ ਦੀ ਲੜਾਈ ਲੜ ਰਹੇ ਹਨ ਇਸ ਲਈ ਬੀ.ਜੇ.ਪੀ ਦੀ ਪੂਰੇ ਦੇਸ਼ ਵਿੱਚੋਂ ਜੜ੍ਹ ਪੁੱਟ ਹੋਣੀ ਯਕੀਨੀ ਬਣ ਗਈ ਹੈ। ਉਹਨਾਂ ਇਸ ਘਟਨਾ ‘ਚ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਇਹਨਾਂ ਪਰਿਵਾਰਾਂ ਨਾਲ ਹਮੇਸ਼ਾ ਖੜ੍ਹੇ ਰਹਿਣਗੇ।