ਸ੍ਰੀ ਅਨੰਦਪੁਰ ਸਾਹਿਬ
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਚ ਹੋਏ ਬੇਅਦਬੀ ਮਾਮਲੇ ਵਿਚ ਤਖ਼ਤ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ ਅਤੇ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ ਦੀਆਂ ਹੋਈਆਂ ਬਦਲੀਆਂ ਤੋਂ ਬਾਅਦ ਹੁਣ ਜੇਕਰ ਸੂਤਰਾਂ ਦੀ ਮੰਨੀਏ ਤਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਵੀ ਖ਼ੈਰ ਨਹੀਂ। ਭਾਵੇਂ ਕਿ ਉਨ੍ਹਾਂ ਦੇ ਅਹੁਦੇ ਨੂੰ ਵੇਖਦੇ ਹੋਏ ਕੋਈ ਖੁਲ੍ਹ ਕੇ ਨਹੀਂ ਬੋਲ ਰਿਹਾ, ਪਰ ਗਿਆਨੀ ਰਘਬੀਰ ਸਿੰਘ ਦੀ ਕਾਰਜਸਸ਼ੈਲੀ ਰਾਜਿਆਂ ਮਹਾਰਾਜਿਆਂ ਵਾਲੀ ਹੋਣ ਕਾਰਨ ਉਨ੍ਹਾਂ ਦਾ ਵੀ ਅੰਦਰੋਂ ਬਹੁਤ ਵਿਰੋਧ ਚਲ ਰਿਹਾ ਸੀ।
ਦਸਣਾ ਬਣਦਾ ਹੈ ਕਿ ਪੁਰਾਤਨ ‘ਜਥੇਦਾਰ’ ਤਖ਼ਤ ਸਾਹਿਬ ਵਾਲੀ ਕੋਠੀ ਵਿਚ ਖੁਲ੍ਹੇ ਬੈਠ ਕੇ ਆਮ ਸੰਗਤਾਂ ਨਾਲ ਵਿਚਾਰ ਵਟਾਂਦਰਾ ਕਰਦੇ ਸਨ ਅਤੇ ਸਿੱਧਾ ਰਾਬਤਾ ਰਖਦੇ ਸਨ, ਪਰ ਜਦੋਂ ਗਿਆਨੀ ਰਘਬੀਰ ਸਿੰਘ ਆਏ ਤਾਂ ਉਨ੍ਹਾਂ ਨੇ ਕੋਠੀ ਨੂੰ ਕਿਲ੍ਹੇ ਦਾ ਰੂਪ ਹੀ ਦੇ ਦਿਤਾ ਅਤੇ ਬਾਹਰ ਪੁਲਿਸ ਵਾਲੇ ਬਿਠਾ ਦਿਤੇ। ਜਿਥੇ ਇਕ ਪਾਸੇ ਗਿਆਨੀ ਰਘਬੀਰ ਸਿੰਘ ਨੂੰ ਮਿਲਣਾ ਖਾਲਾ ਜੀ ਦਾ ਵਾੜਾ ਨਹੀਂ ਸੀ ਉਥੇ ਹੀ ਉਨ੍ਹਾਂ ਵਲੋਂ ਫ਼ੋਨ ਨਾ ਚੁਕਣਾ ਵੀ ਆਮ ਹੀ ਗੱਲ ਸੀ।
ਸੂਤਰ ਇਹ ਵੀ ਦਸਦੇ ਹਨ ਕਿ ਗਿਆਨੀ ਰਘਬੀਰ ਸਿੰਘ ਵੀ ਇਥੇ ਰਹਿਣਾ ਪਸੰਦ ਨਹੀਂ ਕਰਦੇ ਸਨ ਅਤੇ ਉਹ ਵੀ ਵਾਪਸ ਦਰਬਾਰ ਸਾਹਿਬ ਜਾਣ ਦੇ ਇਛੁਕ ਹਨ ਕਿਉਂਕਿ ਉਨ੍ਹਾਂ ਨੂੰ ਇਥੇ ਆਰਜ਼ੀ ਜਥੇਦਾਰ ਲਗਾ ਕੇ ਭੇਜਿਆ ਗਿਆ ਸੀ ਅਤੇ ਬੇਅਦਬੀ ਵਾਲੇ ਦਿਨ ਵੀ ਗਿਆਨੀ ਰਘਬੀਰ ਸਿੰਘ ਸ੍ਰੀ ਅਮ੍ਰਿਤਸਰ ਸਾਹਿਬ ਹੀ ਦਸੇ ਜਾ ਰਹੇ ਸਨ ਅਤੇ ਬੇਅਦਬੀ ਤੋਂ ਲਗਭਗ 7 ਘੰਟੇ ਬਾਅਦ ਸ੍ਰੀ ਅਨੰਦਪੁਰ ਸਾਹਿਬ ਪੁੱਜੇ ਸਨ ਅਤੇ ਸੰਗਤਾਂ ਦਾ ਵਿਰੋਧ ਅਪਣੇ ਵਿਰੁਧ ਵੇਖਦੇ ਹੋਏ ਗਿਆਨੀ ਰਘਬੀਰ ਸਿੰਘ ਨਾਟਕੀ ਤਰੀਕੇ ਨਾਲ ਬੀਮਾਰ ਹੋ ਕੇ ਇਥੋਂ ਸਮਾਂ ਬਚਾ ਕੇ ਨਿਕਲ ਗਏ ਸਨ।
ਦਸਣਾ ਬਣਦਾ ਹੈ ਕਿ ਜਦੋਂ ‘ਜਥੇਦਾਰ’ ਨੂੰ ਕਥਿਤ ਦਿਲ ਦਾ ਦੌਰਾ ਆਇਆ ਤਾਂ ਉਨ੍ਹਾਂ ਨੂੰ ਚੰਡੀਗੜ੍ਹ ਪੀ.ਜੀ.ਆਈ ਜਾਂ ਮੁਹਾਲੀ ਫ਼ੋਰਟਿਸ ਵਿਚ ਲਿਜਾਉਣ ਦੀ ਬਜਾਏ ਜਲੰਧਰ ਦੇ ਇਕ ਨਿਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜੋ ਕਿ ਸ੍ਰੀ ਅਨੰਦਪੁਰ ਸਾਹਿਬ ਵਿਚ ਰੋਸ ਵਜੋਂ ਬੈਠੀਆਂ ਸੰਗਤਾਂ ਵਿਚ ਚਰਚਾ ਦਾ ਵਿਸ਼ਾ ਰਿਹਾ।
ਸੂਤਰਾਂ ਅਨੁਸਾਰ ਅੱਜ ਬੀਬੀ ਜਗੀਰ ਕੌਰ ਪ੍ਰਧਾਨ ਸ਼੍ਰੋਮਣੀ ਕਮੇਟੀ, ਡਾ. ਦਲਜੀਤ ਸਿੰਘ ਚੀਮਾ ਮੁੱਖ ਬੁਲਾਰੇ ਸ਼੍ਰੋਮਣੀ ਅਕਾਲੀ ਦਲ ਬਾਦਲ, ਜਨਮੇਜਾ ਸਿੰਘ ਸੇਖੋਂ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਮਲਕੀਤ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਰਣਜੀਤ ਸਿੰਘ ਗੋਹਰ ਅਤੇ ਗਿਆਨੀ ਰਘਬੀਰ ਸਿੰਘ ਵਿਚਕਾਰ ਲਗਭਗ ਡੇਢ ਘੰਟਾ ਅਕਾਲ ਤਖ਼ਤ ਸਾਹਿਬ ਸਕੱਤਰੇਤ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਮੀਟਿੰਗ ਹੋਈ।
ਸੂਤਰਾਂ ਅਨੁਸਾਰ ਮੀਟਿੰਗ ਵਿਚ ਗਿਆਨੀ ਰਘਬੀਰ ਸਿੰਘ ਦੀ ਛੁੱਟੀ ਲਗਭਗ ਤਹਿ ਹੋ ਗਈ ਹੈ ਅਤੇ ਉਨ੍ਹਾਂ ਦੀ ਥਾਂ ਬੀਬੀ ਜਗੀਰ ਕੌਰ ਦੇ ਓ.ਐਸ.ਡੀ.ਡਾ. ਅਮਰੀਕ ਸਿੰਘ ਲਤੀਫ਼ਪੁਰ ਅਤੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਨੂੰ ‘ਜਥੇਦਾਰ’ ਲਗਾਉਣ ਦੀਆਂ ਚਰਚਾਵਾਂ ਦਾ ਬਜ਼ਾਰ ਗਰਮ ਹੈ। ਡਾ. ਅਮਰੀਕ ਸਿੰਘ ਸਿੰਘ ਲਤੀਫਪੁਰ ਗਿਆਨੀ ਹਰਪ੍ਰੀਤ ਸਿੰਘ ਵਾਂਗ ਹੀ ਪੀ.ਐਚ.ਡੀ. ਹਨ ਅਤੇ ਕਥਾਵਾਚਕ, ਕੀਰਤਨੀਏ ਅਤੇ ਗੁਰਮਤਿ ਨਾਲ ਸਬੰਧਤ ਵਧੇਰੇ ਜਾਣਕਾਰੀ ਰੱਖਦੇ ਹਨ, ਜਦੋਂ ਕਿ ਗਿਆਨੀ ਮਲਕੀਤ ਸਿੰਘ ਨਾ ਸਿਰਫ਼ ਹੈੱਡ ਗ੍ਰੰਥੀ ਦੇ ਅਹੁਦੇ ਤੇ ਬਿਰਾਜਮਾਨ ਹਨ ਸਗੋਂ ਹਰ ਇਕ ਵੱਡੇ ਪੰਥਕ ਸਮਾਗਮ ਵਿਚ ਉਨ੍ਹਾਂ ਦੀ ਹਾਜ਼ਰੀ ਵੇਖਣ ਨੂੰ ਮਿਲਦੀ ਹੈ ਅਤੇ ਉਨ੍ਹਾਂ ਦੀ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਵੀ ਗੂੜ੍ਹੀ ਨੇੜਤਾ ਹੈ।