ਜਲੰਧਰ:
ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ।ਕਿਸਾਨਾ ਨੇ ਸੁਖਬੀਰ ਬਾਦਲ ਤੇ ਜੁੱਤੀ ਵੀ ਸੁੱਟੀ।ਦਰਅਸਲ, ਡੀਏਵੀ ਯੂਨੀਵਰਸਿਟੀ ਨੇੜੇ ਸ਼ਨੀਵਾਰ ਦੀ ਰੈਲੀ ਤੋਂ ਪਹਿਲਾਂ ਹੀ ਕਿਸਾਨਾਂ ਨੇ ਸੁਖਬੀਰ ਬਾਦਲ ਦਾ ਵਿਰੋਧ ਸ਼ੁਰੂ ਕਰ ਦਿੱਤਾ।ਵੱਡੀ ਗਿਣਤੀ ਵਿੱਚ ਕਿਸਾਨ ਪਠਾਨਕੋਟ ਚੌਕ ਵਿੱਚ ਇਕੱਠੇ ਹੋ ਕੇ ਸੁਖਬੀਰ ਬਾਦਲ ਦਾ ਵਿਰੋਧ ਕਰ ਰਹੇ ਹਨ। ਕਿਸਾਨਾਂ ਨੇ ਸੁਖਬੀਰ ਬਾਦਲ ਦੀ ਰੈਲੀ ‘ਤੇ ਜੁੱਤੀ ਵੀ ਸੁੱਟੀ ਜਦੋਂ ਉਹ ਉੱਥੋਂ ਲੰਘੇ ਸੀ।
ਸੜਕ ਦੇ ਕਿਨਾਰੇ ਖੜ੍ਹੇ ਕਿਸਾਨਾਂ ਵੱਲੋਂ ਸੁੱਟੀ ਗਈ ਜੁੱਤੀ ਉਨ੍ਹਾਂ ਦੀ ਕਾਰ ਦੇ ਟਾਇਰ ‘ਤੇ ਲੱਗੀ। ਇਸ ਤੋਂ ਬਾਅਦ ਪੁਲਿਸ ਨੇ ਸੁਰੱਖਿਆ ਸਖ਼ਤ ਕਰ ਦਿੱਤੀ ਅਤੇ ਸੁਖਬੀਰ ਦੇ ਕਾਫਲੇ ਨੂੰ ਉਥੋਂ ਬਾਹਰ ਕੱਢਿਆ।ਮੌਕੇ ‘ਤੇ ਪੁਲਿਸ ਫੋਰਸ ਵੀ ਤਾਇਨਾਤ ਸੀ।ਇਸ ਦੌਰਾਨ ਪਠਾਨਕੋਟ ਚੌਕ ‘ਤੇ ਟ੍ਰੈਫਿਕ ਜਾਮ ਹੋਣ ਕਾਰਨ ਉਥੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਦੱਸ ਦੇਈਏ ਕਿ ਡੀਏਵੀ ਯੂਨੀਵਰਸਿਟੀ ਦੇ ਨੇੜੇ ਹੋਣ ਵਾਲੀ ਇਸ ਰੈਲੀ ਦੀਆਂ ਤਿਆਰੀਆਂ ਮੁਕੰਮਲ ਹਨ। ਮੌਕੇ ‘ਤੇ ਹੀ ਪੰਡਾਲ ਸਜਾਇਆ ਗਿਆ ਸੀ ਅਤੇ ਅਕਾਲੀ ਦਲ ਅਤੇ ਬਸਪਾ ਦੇ ਲੀਡਰ ਸੁਖਬੀਰ ਬਾਦਲ ਦਾ ਉਡੀਕ ਕਰ ਰਹੇ ਹਨ।ਦੂਜੇ ਪਾਸੇ ਪਠਾਨਕੋਟ ਚੌਕ ਵਿਖੇ ਕਿਸਾਨ ਸਮੂਹਾਂ ਵਿੱਚ ਖੜ੍ਹੇ ਹਨ। ਉਹ ਆਪਣੇ ਹੱਥਾਂ ਵਿੱਚ ਕਾਲੇ ਝੰਡਿਆਂ ਨਾਲ ਸਰਕਾਰ ਦੇ ਖਿਲਾਫ ਨਾਅਰੇ ਲਗਾ ਰਹੇ ਹਨ। ਵਿਰੋਧ ਕਰ ਰਹੇ ਕਿਸਾਨਾਂ ਵਿੱਚ ਔਰਤਾਂ ਵੀ ਸ਼ਾਮਲ ਹਨ। ਕਿਸਾਨ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀਬਾੜੀ ਸੁਧਾਰ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ।
ਕਿਸਾਨਾਂ ਨੇ ਸਿਆਸੀ ਰੈਲੀਆਂ ਨਾ ਕਰਨ ਦੀ ਚਿਤਾਵਨੀ ਦਿੱਤੀ
ਖੇਤੀ ਸੁਧਾਰ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਘਿਰਾਓ ਕਰ ਰਹੇ ਹਨ। ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਖੇਤੀਬਾੜੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਉਦੋਂ ਤੱਕ ਰੈਲੀਆਂ ਨਾ ਕਰਨ। ਪਿਛਲੇ ਮਹੀਨੇ ਸੁਖਬੀਰ ਬਾਦਲ ਦੀ ਮੋਗਾ ਵਿੱਚ ਹੋਈ ਰੈਲੀ ਦਾ ਵੀ ਕਿਸਾਨਾਂ ਵੱਲੋਂ ਭਾਰੀ ਵਿਰੋਧ ਕੀਤਾ ਗਿਆ ਸੀ। ਉਥੇ ਹੋਈ ਹਿੰਸਾ ਵਿੱਚ ਡੀਐਸਪੀ ਸਮੇਤ 5 ਲੋਕ ਜ਼ਖਮੀ ਹੋਏ ਹਨ। ਇਸ ਤੋਂ ਬਾਅਦ ਸੁਖਬੀਰ ਬਾਦਲ ਨੇ ਆਪਣੀਆਂ ਰੈਲੀਆਂ ਕੁਝ ਦਿਨਾਂ ਲਈ ਮੁਲਤਵੀ ਕਰ ਦਿੱਤੀਆਂ।