ਲਖਨਊ:
ਭਾਜਪਾ ਆਗੂ ਅਤੇ ਯੂਪੀ ਸਰਕਾਰ ਵਿਚ ਖੇਡ ਮੰਤਰੀ ਉਪੇਂਦਰ ਤਿਵਾੜੀ ਨੇ ਪੈਟਰੋਲ ਦੀਆਂ ਕੀਮਤਾਂ ਨੂੰ ਲੈ ਕੇ ਅਜੀਬ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਪੈਟਰੋਲ ਦੀਆਂ ਕੀਮਤਾਂ ਵਿਚ ਕੋਈ ਵਾਧਾ ਨਹੀਂ ਹੋਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਦੇਸ਼ ਦੀ 95 ਫੀਸਦ ਆਬਾਦੀ ਪੈਟਰੋਲ-ਡੀਜ਼ਲ ਦੀ ਵਰਤੋਂ ਹੀ ਨਹੀਂ ਕਰਦੀ। ਉਹਨਾਂ ਕਿਹਾ ਕਿ ਲੋਕਾਂ ਨੂੰ 100 ਕਰੋੜ ਜ਼ਿਆਦਾ ਟੀਕਿਆਂ ਦੀ ਖੁਰਾਕ ਮੁਫਤ ਦਿੱਤੀ ਗਈ। ਜੇਕਰ ਤੁਸੀਂ ਕੀਮਤਾਂ ਦੀ ਪ੍ਰਤੀ ਵਿਅਕਤੀ ਆਮਦਨ ਨਾਲ ਤੁਲਨਾ ਕਰੋ ਤਾਂ ਕੀਮਤਾਂ ਬਹੁਤ ਘੱਟ ਹਨ।
ਉਹਨਾਂ ਕਿਹਾ, “… ਸਿਰਫ ਮੁੱਠੀ ਭਰ ਲੋਕ ਹੀ ਚਾਰ–ਪਹੀਆ ਵਾਹਨ ਦੀ ਵਰਤੋਂ ਕਰਦੇ ਹਨ ਅਤੇ ਉਹਨਾਂ ਨੂੰ ਪੈਟਰੋਲ ਦੀ ਲੋੜ ਹੁੰਦੀ ਹੈ। 95% ਲੋਕਾਂ ਨੂੰ ਪੈਟਰੋਲ ਦੀ ਜ਼ਰੂਰਤ ਨਹੀਂ ਹੈ। ਲੋਕਾਂ ਨੂੰ 100 ਕਰੋੜ ਤੋਂ ਵੱਧ ਟੀਕੇ ਦੀਆਂ ਖੁਰਾਕਾਂ ਮੁਫਤ ਦਿੱਤੀਆਂ ਗਈਆਂ ਸਨ … ਜੇ ਤੁਸੀਂ ਪ੍ਰਤੀ ਵਿਅਕਤੀ ਆਮਦਨੀ ਨਾਲ (ਈਧਨ ਦੀ ਕੀਮਤ) ਦੀ ਤੁਲਨਾ ਕਰੋ ਤਾਂ ਕੀਮਤਾਂ ਅਜੇ ਵੀ ਬਹੁਤ ਘੱਟ ਹਨ”।
ਇਸ ਤੋਂ ਬਾਅਦ ਜਦੋਂ ਪੱਤਰਕਾਰਾਂ ਨੇ ਮੰਤਰੀ ਨੂੰ ਬੇਰੁਜ਼ਗਾਰੀ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਪਹਿਲਾਂ ਪੀਸੀਐਸ ਬਣਾਉਣ ਦੀ ਫੈਕਟਰੀ ਸਮਾਜਵਾਦੀ ਪਾਰਟੀ ਦੇ ਦਫਤਰ ਵਿਚ ਸੀ ਪਰ ਯੋਗੀ ਜੀ ਦੀ ਸਰਕਾਰ ਵਿਚ ਜੋ ਸਖ਼ਤ ਮਿਹਨਤ ਅਤੇ ਪ੍ਰੀਖਿਆ ਪਾਸ ਕਰੇਗਾ, ਉਹੀ ਅਧਿਕਾਰੀ ਬਣੇਗਾ।
ਦੱਸ ਦਈਏ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪਿਛਲੇ ਲੰਬੇ ਸਮੇਂ ਤੋਂ ਵਾਧਾ ਜਾਰੀ ਹੈ। ਵੀਰਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 35-35 ਪੈਸੇ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ।