ਕੈਨੇਡਾ ਵਿੱਚ ਪੰਜਾਬੀ ਮੂਲ ਦੀ ਅਨੀਤਾ ਆਨੰਦ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰੱਖਿਆ ਮੰਤਰੀ ਬਣਾਇਆ ਗਿਆ ਹੈ।
ਕੈਨੇਡਾ
ਉਨ੍ਹਾਂ ਨੇ ਅਹੁਦਾ ਅਜਿਹੇ ਸਮੇਂ ਸੌਂਪਿਆ ਗਿਆ ਹੈ ਜਦੋਂ ਕੈਨੇਡਾ ਦੀ ਫੌਜ ਜਿਨਸੀ ਮਾੜੇ ਵਤੀਰੇ ਦੇ ਇਲਜ਼ਾਮਾਂ ਨਾਲ ਜੂਝ ਰਹੀ ਹੈ।
ਇਸ ਤੋਂ ਪਹਿਲਾਂ ਹਰਜੀਤ ਸੱਜਣ ਦੇਸ਼ ਦੇ ਰੱਖਿਆ ਮੰਤਰੀ ਸਨ, ਜੋ ਆਪ ਵੀ ਇੱਕ ਫੌਜੀ ਰਹੇ ਚੁੱਕੇ ਸਨ।
ਪਰ ਸੰਸਦ ਦੇ ਪਿਛਲੇ ਸੈਸ਼ਨ ਵਿੱਚ ਕੈਨੇਡਾ ਵਿੱਚ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਹਰਜੀਤ ਸੱਜਣ ਦੇ ਅਸਤੀਫ਼ੇ ਦੀ ਮੰਗ ਕੀਤੀ ਸੀ।
ਇਲਜ਼ਾਮ ਲਗਾਇਆ ਸੀ ਕਿ ਸਰਕਾਰ ਫੌਜ ਵਿੱਚ ਅਣਉਚਿਤ ਵਤੀਰੇ ਦੀਆਂ ਸ਼ਿਕਾਇਤਾਂ ‘ਤੇ ਕਦਮ ਨਹੀਂ ਚੁੱਕ ਰਹੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਮਾਮਲੇ ਵਿੱਚ ਫੌਜ ਦੇ ਉੱਚ ਅਧਿਕਾਰੀਆਂ ਦੇ ਸ਼ਾਮਿਲ ਹੋਣ ਦਾ ਵੀ ਇਲਜ਼ਾਮ ਲਗਾਇਆ ਸੀ।
ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗਲਵਾਰ ਨੂੰ ਕੈਬਨਿਟ ਵਿੱਚ ਹੋਏ ਫੇਰਬਦਲ ਤੋਂ ਬਾਅਦ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਸੀ, “ਅਸੀਂ ਜਾਣਦੇ ਹਾਂ ਕਿ ਸਾਡੀ ਕੈਨੇਡਾਈ ਆਰਮਡ ਫੌਰਸਿਜ਼ ਦੇ ਸੱਭਿਆਚਾਰ ਸਾਹਮਣੇ ਸੰਕਟ ਹੈ।”
ਆਰਮਡ ਫੋਰਸਿਜ਼ ਵਿੱਚ ਅਜਿਹੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮਹਿਲਾ ਅਧਿਕਾਰਾਂ ਲਈ ਲੜਨ ਵਾਲੇ ਸਮੂਹਾਂ ਅਤੇ ਜਨਤਾ ਦਾ ਵੀ ਮੰਨਣਾ ਹੈ ਕਿ ਸਰਕਾਰ ਸੈਨਾ ਵਿੱਚ ਅਜਿਹੇ ਮਾਮਲਿਆਂ ਖ਼ਿਲਾਫ਼ ਕਾਰਵਾਈ ਕਰਨ ਵਿੱਚ ਕਮਜ਼ੋਰ ਰਹੀ ਹੈ।
ਅਜਿਹੇ ਵਿੱਚ ਇੱਕ ਔਰਤ ਨੂੰ ਰੱਖਿਆ ਮੰਤਰੀ ਬਣਾਉਣ ਦੀ ਵੀ ਮੰਗ ਉੱਠ ਰਹੀ ਸੀ।
ਕੈਨੇਡਾ ਵਿੱਚ ਮੌਜੂਦ ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਬੀਬੀਸੀ ਨਾਲ ਗੱਲਬਾਤ ਦੌਰਾਨ ਦੱਸਦੇ ਹਨ ਇਹ ਗੱਲਾਂ ਸਾਹਮਣੇ ਆ ਰਹੀਆਂ ਸਨ ਕਿ ਹਰਜੀਤ ਸੱਜਣ ਮੰਤਰੀ ਅਹੁਦੇ ਲਈ ਕਾਬਿਲ ਨਹੀਂ ਹਨ ਤੇ ਉਨ੍ਹਾਂ ਨੂੰ ਹਟਾਉਣ ਦੀ ਮੰਗ ਤੇਜ਼ ਹੋ ਰਹੀ ਸੀ।
ਅਜਿਹੇ ਵਿੱਚ ਭਾਰਤੀ ਮੂਲ ਦੀ ਹੀ ਅਨੀਤਾ ਆਨੰਦ ਨੂੰ ਰੱਖਿਆ ਮੰਤਰੀ ਬਣਾ ਕੇ ਇੱਕ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਉਹ ਦੱਸਦੇ ਹਨ, “ਇਹ ਕਰੀਬ ਤੈਅ ਹੋ ਗਿਆ ਸੀ ਕਿ ਸੱਜਣ ਨੂੰ ਹਟਾਇਆ ਜਾਵੇਗਾ ਕਿਉਂਕਿ ਦੇਸ਼ ਦੀ ਸਸ਼ਤਰ ਫੌਜ ਵਿੱਚ ਜਿਣਸੀ ਦੁਰਵਿਹਾਰ ਦੇ ਮਾਮਲੇ ਸਾਹਮਣੇ ਆ ਰਹੇ ਸਨ ਅਤੇ ਇਸ ਵਿੱਚ ਔਰਤਾਂ ਦੇ ਨਾਲ ਕੁਝ ਗ਼ਲਤ ਕਰਨ ਦੇ ਮਾਮਲਿਆਂ ਵਿੱਚ ਦਰਜਨ ਤੋਂ ਵੱਧ ਅਧਿਕਾਰੀਆਂ ਦੇ ਨਾਮ ਵੀ ਉੱਛਲੇ ਸਨ।”
“ਕੁਝ ਦੇ ਖ਼ਿਲਾਫ਼ ਕਾਰਵਾਈ ਵੀ ਹੋਈ। ਅਜਿਹੇ ਮਾਮਲੇ ਵਾਰ-ਵਾਰ ਸਾਹਮਣੇ ਆ ਰਹੇ ਸਨ ਅਤੇ ਜਸਟਿਨ ਟਰੂਜੋ ‘ਤੇ ਸਵਾਲ ਉੱਠ ਰਹੇ ਸਨ ਅਤੇ ਇਹ ਕਿਹਾ ਜਾ ਰਿਹਾ ਸੀ ਕਿ ਇਹ ਸਭ ਹਰਜੀਤ ਸੱਜਣ ਦੀ ਨੱਕ ਹੇਠਾਂ ਹੋ ਰਿਹਾ ਸੀ। ਅਜਿਹੇ ਵਿੱਚ ਇੱਕ ਔਰਤ ਵਜੋਂ ਅਨੀਤਾ ਆਨੰਦ ਨੂੰ ਨਿਯੁਕਤ ਕੀਤਾ ਗਿਆ ਹੈ।”
ਕੌਣ ਹੈ ਅਨੀਤਾ ਆਨੰਦ
ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਅਧਿਕਾਰਤ ਵੈਬਸਾਈਟ ‘ਤੇ ਛਪੀ ਜਾਣਕਾਰੀ ਮੁਤਾਬਕ ਅਨੀਤਾ ਆਨੰਦ ਸਾਲ 2019 ਵਿੱਚ ਪਹਿਲੀ ਵਾਰ ਓਕਵਿਲ ਤੋਂ ਸੰਸਦ ਮੈਂਬਰ ਚੁਣੀ ਗਈ ਸੀ।
ਇਸ ਤੋਂ ਬਾਅਦ ਉਨ੍ਹਾਂ ਨੂੰ ਪਬਲਿਕ ਸਰਵਿਸ ਐਂਡ ਪ੍ਰੋਕਿਓਰਮੈਂਟ ਯਾਨਿ ਜਨਤਕ ਸੇਵਾ ਅਤੇ ਖਰੀਦ ਮੰਤਰੀ ਬਣਾਇਆ ਗਿਆ ਸੀ।
ਅਨੀਤਾ ਆਨੰਦ ਦਾ ਜਨਮ ਨੋਵਾ ਸਕੋਟੀਆ ਵਿੱਚ ਹੋਇਆ ਤੇ 1985 ਵਿੱਚ ਉਹ ਓਂਟਾਰੀਓ ਆ ਗਏ ਸਨ।
ਸਾਲ 2015 ਵਿੱਚ ਓਂਟਾਰੀਓ ਦੇ ਉਸ ਵੇਲੇ ਦੇ ਵਿੱਤ ਮੰਤਰੀ ਚਾਰਲਜ਼ ਸੌਸਾ ਨੇ ਅਨੀਤਾ ਨੂੰ ਸਰਕਾਰ ਦੀ ਵਿੱਤੀ ਯੋਜਨਾਵਾਂ ਨਾਲ ਜੁੜੀ ਮਾਹਿਰਾਂ ਦੀ ਇੱਕ ਕਮੇਟੀ ਵਿੱਚ ਸ਼ਾਮਿਲ ਕੀਤਾ ਸੀ।
ਭਾਰਤੀ ਮੂਲ ਦੀ ਅਨੀਤਾ ਇੱਕ ਸਕਾਲਰ, ਵਕੀਲ ਅਤੇ ਖੋਜਕਾਰ ਵਜੋਂ ਕੰਮ ਕਰ ਚੁੱਕੀ ਹੈ। ਉਹ ਯੂਨੀਵਰਸਿਟੀ ਆਫ ਟੋਰਾਂਟੋ ਵਿੱਚ ਕਾਨੂੰਨ ਦੀ ਪ੍ਰੋਫੈਸਰ ਰਹਿ ਚੁੱਕੀ ਹੈ।
ਸਾਲ 2015 ਵਿੱਚ ਉਨ੍ਹਾਂ ਨੂੰ ਵਿੱਤੀ ਨੀਤੀਆਂ ਦੀ ਸਲਾਹ ਅਤੇ ਯੋਜਨਾ ਲਈ ਬਣੀ ਸਰਕਾਰ ਕਮੇਟੀ ਵਿੱਚ ਨਿਯੁਕਤ ਕੀਤਾ ਗਿਆ ਸੀ ਅਤੇ ਉਹ ਵਿੱਤੀ ਬਾਜ਼ਾਰ ਦੇ ਨਿਯਮ, ਸ਼ੇਅਰਹੋਲਡਰਸ ਦੇ ਰਾਈਟਸ, ਕਾਰਪੋਰੇਟ ਗਵਰਨੈਂਸ ਵਰਗੇ ਮੁੱਦਿਆਂ ‘ਤੇ ਵੀ ਚਰਚਾ ਵਿੱਚ ਭਾਗ ਲੈਂਦੀ ਰਹੀ ਹੈ।