ਗਲਾਸਗੋ:
ਖੇਤੀ ਕਾਨੂੰਨਾਂ ਵਿਰੁੱਧ ਜਾਰੀ ਕਿਸਾਨੀ ਸ਼ੰਘਰਸ਼ ਨੂੰ ਦੇਸ਼ਾਂ-ਵਿਦੇਸ਼ਾਂ ਵਿਚ ਭਾਰੀ ਸਮਰਥਨ ਮਿਲ ਰਿਹਾ ਹੈ। ਕਿਸਾਨਾਂ ਦੀ ਇਸ ਲਹਿਰ ਨੂੰ ਪਰਵਾਸੀ ਭਾਰਤੀਆਂ ਤੋਂ ਇਲਾਵਾ ਗੋਰਿਆਂ ਦਾ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ। ਇਸ ਨੂੰ ਲੈ ਕੇ ਵਿਦੇਸ਼ੀ ਧਰਤੀ ’ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਦੇਖਣ ਨੂੰ ਮਿਲਿਆ ਹੈ। ਜਿੱਥੇ ਇਕ ਪਾਸੇ ਭਾਰਤੀ ਮੂਲ ਦੇ ਲੋਕ ਹੱਥਾਂ ਵਿਚ ਬੈਨਰ ਫੜ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਾ ਰਹੇ ਸਨ ਤਾਂ ਉਥੇ ਹੀ ਗੋਰੇ ਵੀ ਇਸ ਵਿਰੋਧ ਵਿਚ ਸ਼ਾਮਲ ਹੋ ਕੇ ਪ੍ਰਧਾਨ ਮੰਤਰੀ ਮੋਦੀ ਦਾ ਵਿਰੋਧ ਕਰ ਰਹੇ ਸਨ।
ਦਰਅਸਲ ਭਾਰਤ ਦੇ ਪ੍ਰਧਾਨ ਮੰਤਰੀ ਪੀਐਮ ਮੋਦੀ ਗਲਾਸਗੋ ਵਿਚ ਜਲਵਾਯੂ ਤਬਦੀਲੀ ਸਬੰਧੀ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਇੱਥੇ ਪਹੁੰਚੇ ਸਨ ਸਕਾਟਲੈਂਡ ਦੇ ਗਲਾਸਗੋ ਵਿਖੇ ਹੋ ਰਹੀ ਇਸ ਕਾਨਫਰੰਸ ਵਿਚ ਕਈ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਅਤੇ ਰਾਸ਼ਟਰਪਤੀਆਂ ਨੇ ਸ਼ਿਰਕਤ ਕੀਤੀ ਸੀ। ਇਸ ਦੌਰਾਨ ਕਿਸਾਨ ਮਜ਼ਦੂਰ ਏਕਤਾ ਦੇ ਝੰਡੇ ਚੁੱਕ ਭਾਰਤੀ ਮੂਲ ਦੇ ਲੋਕਾਂ ਨੇ ਅਪਣਾ ਵਿਰੋਧ ਜ਼ਾਹਿਰ ਕੀਤਾ। ਇਸ ਮੌਕੇ ਸਿਰਫ ਭਾਰਤੀ ਮੂਲ ਦੇ ਲੋਕਾਂ ਨੇ ਹੀ ਨਹੀਂ ਸਗੋਂ ਗੋਰਿਆਂ ਨੇ ਇਸ ਵਿਰੋਧ ਪ੍ਰਦਰਸ਼ਨ ਵਿਚ ਆਪਣਾ ਸਮਰਥਨ ਦਿੱਤਾ।
ਇਸ ਦੌਰਾਨ ਲੋਕਾਂ ਦੇ ਹੱਥਾਂ ਵਿਚ ਕਿਸਾਨੀ ਝੰਡੇ, ਪੀਐਮ ਮੋਦੀ ਨੂੰ ਸਲਾਹਾਂ ਦੇਣ ਵਾਲੇ ਪੋਸਟਰ ਫੜੇ ਹੋਏ ਸਨ। ਇਸ ਪ੍ਰਦਰਸ਼ਨ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਸ ਵਿਰੋਧ-ਪ੍ਰਦਰਸ਼ਨ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਲੋਕ ਸ਼ਾਮਲ ਹੋਏ। ਲੋਕਾਂ ਨੇ ਪੀਐਮ ਮੋਦੀ ਵਿਰੋਧੀ ਨਾਅਰੇ ਲਾਏ ਗਏ ਅਤੇ ਖੇਤੀ ਕਾਨੂੰ ਵਾਪਸ ਲੈਣ ਲਈ ਭਾਰਤ ਸਰਕਾਰ ਦਾ ਵਿਰੋਧ ਕੀਤਾ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸਾਨੀ ਅੰਦੋਲਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕੀਤਾ ਗਿਆ ਹੋਵੇ। ਇਸ ਤੋਂ ਪਹਿਲਾਂ ਜਦੋ ਪ੍ਰਧਾਨ ਮੰਤਰੀ ਮੋਦੀ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਮਿਲਣ ਪਹੁੰਚੇ ਸਨ ਤਾਂ ਅਮਰੀਕਾ ਵਿਚ ਭਾਰਤੀ ਮੂਲ ਦੇ ਲੋਕਾਂ ਨੇ ਯੂਐੱਨ ਦੇ ਬਾਹਰ ਪੀਐਮ ਮੋਦੀ ਖਿਲਾਫ ਧਰਨਾ-ਪ੍ਰਦਰਸ਼ਨ ਕੀਤਾ ਸੀ, ਜਿਸ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਲੋਕ ਇਕੱਠੇ ਹੋਏ ਅਤੇ ਕਿਸਾਨਾਂ ਲਈ ਮਾਰੂ ਬਿੱਲਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ। ਇਸ ਤੋਂ ਇਲਾਵਾ। ਨੌਜਵਾਨਾਂ ਵੱਲੋਂ ਕਾਰਾਂ ‘ਤੇ ਪੋਸਟਰ ਲਾ ਕੇ ਅਮਰੀਕਾ ਦੇ ਕਈ ਥਾਵਾਂ ‘ਤੇ ਕਾਰ ਰੈਲੀਆਂ ਵੀ ਕੱਢੀਆਂ ਗਈਆਂ।
ਇਸ ਸੰਬੋਧਨ ਦੌਰਾਨ ਬੁਲਾਰਿਆਂ ਨੇ ਭਾਰਤ ‘ਚ ਚੱਲ ਰਹੇ ਕਿਸਾਨ ਅੰਦੋਲਨ, ਮੋਰਚੇ ਦੌਰਾਨ ਹੋਈਆਂ ਸੈਂਕੜੇ ਸ਼ਹੀਦੀਆਂ, ਭਾਜਪਾ ਸਰਕਾਰ ਦੌਰਾਨ ਘੱਟ ਗਿਣਤੀਆਂ ‘ਤੇ ਅੱਤਿਆਚਾਰ ਅਤੇ ਸਕਾਟਲੈਂਡ ਦੇ ਨੌਜਵਾਨ ਜੱਗੀ ਜੌਹਲ ਦੀ ਰਿਹਾਈ ਸਬੰਧੀ ਅਵਾਜ਼ ਬੁਲੰਦ ਕੀਤੀ। ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ, ਮਜ਼ਦੂਰਾਂ ‘ਤੇ 3 ਕਾਲੇ ਕਾਨੂੰਨ ਥੋਪ ਕੇ ਉਨ੍ਹਾਂ ਦੀਆਂ ਜ਼ਮੀਨਾਂ ਅੰਬਾਨੀਆਂ, ਅਡਾਨੀਆਂ ਦੇ ਹੱਥਾਂ ‘ਚ ਸੌਂਪਣ ਦੀ ਲੁਕਵੀਂ ਤਿਆਰੀ ਜੱਗ ਜ਼ਾਹਰ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ‘ਚ ਵੱਸਦੇ ਪੰਜਾਬੀ ਕਿਸਾਨ ਅੰਦੋਲਨ ਦੀ ਪਿੱਠ ‘ਤੇ ਖੜ੍ਹੇ ਹਨ। ਇਸ ਰੋਸ ਪ੍ਰਦਰਸ਼ਨ ਦੌਰਾਨ ਭਾਰੀ ਗਿਣਤੀ ‘ਚ ਸਥਾਨਕ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ।
ਇਸ ਦੌਰਾਨ ਲਵਸ਼ਿੰਦਰ ਸਿੰਘ ਡੱਲੇਵਾਲ (ਐੱਫ ਐੱਸ ਓ), ਜਸਵਿੰਦਰ ਸਿੰਘ (ਸਿੱਖ ਨੈੱਟਵਰਕ), ਕਿਰਨਜੀਤ ਕੌਰ (ਕੌਰ ਫਾਰਮਰਜ਼), ਗੁਰਪ੍ਰੀਤ ਸਿੰਘ ਜੌਹਲ (ਫਰੀ ਜੱਗੀ ਨਾਓ), ਡਾ: ਇਰਫਾਨ ਜਹਾਂਗੀਰ (ਸਕਾਟਿਸ਼ ਹਿਊਮਨ ਰਾਈਟ ਫਾਰਮ), ਸੁਖਵਿੰਦਰ ਸਿੰਘ (ਸਿੱਖ ਫੈਡਰੇਸ਼ਨ ਯੂਕੇ), ਕੁਲਦੀਪ ਸਿੰਘ ਚਹੇੜੂ (ਐੱਫ ਐੱਸ ਓ), ਜਸਪਾਲ ਸਿੰਘ (ਸੈਂਟਰਲ ਗੁਰਦੁਆਰਾ ਸਿੰਘ ਸਭਾ), ਦਬਿੰਦਰਜੀਤ ਸਿੰਘ (ਐਡਵਾਈਜ਼ਰ ਟੂ ਸਿੱਖ ਫੈਡਰੇਸ਼ਨ ਯੂਕੇ), ਅਮਰੀਕ ਸਿੰਘ ਗਿੱਲ (ਸਿੱਖ ਫੈਡਰੇਸ਼ਨ ਯੂਕੇ), ਤਰਸੇਮ ਸਿੰਘ ਦਿਓਲ ਆਦਿ ਪ੍ਰਮੁੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਦੇਸ਼ ਦੇ ਅੰਨਦਾਤਾ ਕਿਸਾਨ, ਮਜ਼ਦੂਰ ਦੀ ਦੁਰਗਤੀ ਕਰਨ ‘ਤੇ ਤੁਲੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਰਤਾਨੀਆ ਦੀ ਧਰਤੀ ‘ਤੇ ਸਵਾਗਤ ਨਹੀਂ ਹੈ।