ਨਾਨਕਮਤਾ ਸਾਹਿਬ, 31 ਅਗਸਤ (ਇਕਬਾਲ ਸਿੰਘ) :- ਬਾਬਾ ਮੱਖਣ ਸ਼ਾਹ ਜੀ ਲੁਬਾਣਾ ਸਿੱਖ ਸੈਂਟਰ ਨਿਊਯਾਰਕ (ਯੂ.ਐੱਸ.ਏ.) ਵੱਲੋਂ ਸਮੂਹ ਲੁਬਾਣਾ ਸਿੱਖ ਸੰਗਤ ਦੇ ਸਹਿਯੋਗ ਨਾਲ ਬਾਬਾ ਮੱਖਣ ਸ਼ਾਹ ਜੀ ਲੁਬਾਣਾ ਦੀ ਯਾਦ ਨੂੰ ਸਮਰਪਿਤ ‘ਸਾਚਾ ਗੁਰੂ ਲਾਧੋ ਰੇ’ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਮੁੱਖ ਪ੍ਰਬੰਧਕ ਦਵਿੰਦਰ ਸਿੰਘ ਯੂਐਸਏ ਨੇ ਦੱਸਿਆ ਕਿ ਉਕਤ ਸਮਾਗਮ 3 ਸਤੰਬਰ ਨੂੰ ਸਵੇਰੇ 11.00 ਤੋਂ ਦੁਪਹਿਰ 3.00 ਵਜੇ ਤੱਕ ਗੁਰਦੁਆਰਾ ਨਾਨਕਮਤਾ ਸਾਹਿਬ, ਜ਼ਿਲਾ ਊਧਮ ਸਿੰਘ ਨਗਰ (ਨਜ਼ਦੀਕ ਨੈਨੀਤਾਲ) ਉੱਤਰਾਖੰਡ ਵਿਖੇ ਹੋਵੇਗਾ। ਉਨਾਂ ਦੱਸਿਆ ਕਿ ‘ਸਾਚਾ ਗੁਰੂ ਲਾਧੋ ਰੇ’ ਗੁਰਮਤਿ ਸਮਾਗਮ ਉਤਰਾਖੰਡ ‘ਚ ਪਹਿਲੀ ਵਾਰ ਪੂਰੀ ਸ਼ਰਧਾ ਅਤੇ ਵੱਡੇ ਪੱਧਰ ਤੇ ਮੱਖਣ ਸ਼ਾਹ ਲੁਬਾਣਾ ਦੀ ਯਾਦ ‘ਚ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸੰਗਤਾਂ ਨੂੰ ਮਹਾਂਪੁਰਸ਼ਾ ਵੱਲੋਂ ਮੱਖਣ ਸ਼ਾਹ ਲੁਬਾਣਾ ਦੇ ਜੀਵਨ ਬਾਰੇ ਚਾਨਣਾ ਪਾਇਆ ਜਾਵੇਗਾ। ਉਨਾਂ ਦੱਸਿਆ ਕਿ ਵੱਖ-ਵੱਖ ਖੇਤਰਾਂ ਤੋਂ ਸੰਤ ਮਹਾਂਪੁਰਸ਼ ਤੋਂ ਇਲਾਵਾ ਹਰਿਆਣੇ ਤੋਂ ਕਥਾਵਾਚਕ ਗਗਨਦੀਪ ਸਿੰਘ ਪਹੁੰਚ ਰਹੇ ਹਨ, ਜਿੰਨਾਂ ਵੱਲੋਂ ਕਥਾ ਕੀਰਤਨ ਤੇ ਧਾਰਮਿਕ ਵਿਚਾਰਾਂ ਸਾਂਝੀਆਂ ਕੀਤੀਆਂ ਜਾਣਗੀਆਂ। ਉਨਾਂ ਦੱਸਿਆ ਕਿ ਇਸ ਪ੍ਰੋਗਰਾਮ ਦੌਰਾਨ ਮੁਫਤ ਮੈਡੀਕਲ ਕੈਂਪ ਲਾਇਆ ਜਾ ਰਿਹਾ ਹੈ, ਜਿਸ ਵਿੱਚ ਚੈਕਅੱਪ ਤੋਂ ਇਲਾਵਾ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ। ਉਨਾਂ ਦੱਸਿਆ ਕਿ ਇਸ ਮੌਕੇ ਇਕ ਅਹਿਮ ਕੈਲੰਡਰ ਵੀ ਜਾਰੀ ਕੀਤਾ ਜਾ ਰਿਹਾ ਹੈ, ਜਿਸ ‘ਚ ਵੰਡ ਦੌਰਾਨ ਜਿਹੜੇ ਬਜੁਰਗਾਂ ਨੇ ਜੰਗਲਾਂ ਵਿੱਚ ਰਹਿ ਕੇ ਉਨਾਂ ਜੰਗਲਾਂ ਨੂੰ ਅਬਾਦ ਕੀਤਾ ਹੈ, ਉਨਾਂ ਬਜੁਰਗਾਂ ਦੀ ਤਸਵੀਰ ਲਾ ਕੇ ਉਨਾਂ ਦੇ ਜੀਵਨ ਬਾਰੇ ਚਾਨਣਾ ਪਾਇਆ ਜਾਵੇਗਾ ਤਾਂ ਜੋ ਅੱਜ ਦੇ ਨੌਜਵਾਨਾਂ ਨੂੰ ਬਜੁਰਗਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਯਾਦ ਰਹਿਣ।