ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਾਮੇਡੀਅਨ ਤੋਂ ਸਿਆਸਤਦਾਨ ਬਣੇ ‘ਆਪ’ ਦੇ ਸੂਬਾ ਪ੍ਰਧਾਨ ਅਤੇ ਸਂਗਰੂਰ ਤੋਂ ਮੌਜੂਦਾ ਵਿਧਾਇਕ ਭਗਵੰਤ ਮਾਨ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ‘ਆਪ’ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਐਲਾਨ ਦਿੱਤਾ ਹੈ। ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਨਾਂ ਦਾ ਐਲਾਨ ਅੱਜ ਜਾਨੀ ਮੰਗਲਵਾਰ ਦੁਪਹਿਰ 12 ਵਜੇ ‘ਆਪ’ ਵਲੋਂ ਸੱਦੀ ਗਈ ਪ੍ਰੈਸ ਵਾਰਤਾ ਵਿੱਚ ਕੀਤਾ ਗਿਆ। ਵਿਧਾਨ ਸਭਾ ਚੋਣਾਂ ਲਈ ਆਪਣਾ ਮੁੱਖ ਮੰਤਰੀ ਚਿਹਰਾ ਚੁਣਨ ਦੀ ਮੁਹਿੰਮ ਤਹਿਤ ਆਮ ਆਦਮੀ ਪਾਰਟੀ ਨੂੰ ਲਗਭਗ 25 ਲੱਖ ਹੁੰਗਾਰਾ ਮਿਲਿਆ ਸੀ।
ਦਰਸਲ ਕੇਜਰੀਵਾਲ ਨੇ 13 ਜਨਵਰੀ ਨੂੰ ਪੰਜਾਬ ਦੇ ਲੋਕਾਂ ਨੂੰ ਆਪਣੇ ਪਸੰਦੀਦਾ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰਾਂ ਦੇ ਨਾਂ ਸੁਝਾਉਣ ਲਈ ਕਿਹਾ ਸੀ ਅਤੇ ਇਸ ਮਕਸਦ ਲਈ ਇੱਕ ਮੋਬਾਈਲ ਨੰਬਰ ਵੀ ਲਾਂਚ ਕੀਤਾ ਗਿਆ ਸੀ। ਇਸ ਦੇ ਨਾਲ ਹੀ ਕੇਜਰੀਵਾਲ ਨੇ ਕਿਹਾ ਸੀ ਕਿ ਹਾਲਾਂਕਿ ਉਹ ਚਾਹੁੰਦੇ ਸਨ ਕਿ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦਾ ਨਾਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਐਲਾਨਿਆ ਜਾਵੇ। ਉਥੇ ਹੀ ਕੇਜਰੀਵਾਲ ਨੇ ਇਹ ਵੀ ਸਪਸ਼ਟ ਕਰ ਦਿੱਤਾ ਸੀ ਵੀ ਉਹ ਖੁਦ ਇਸ ਦੌੜ ਤੋਂ ਬਾਹਰ ਹੈ। ਇਸਤੋਂ ਬਾਅਦ ਹੀ ਪੰਜਾਬ ਦੇ ਸਿਆਸੀ ਗਲਿਆਰਿਆਂ ਤੋਂ ਲੈਕੇ ਪਿੰਡਾਂ ਦੀਆਂ ਖੁੰਡ ਚਰਚਾ ਸੀ ਕਿ ਹੋਵੇ ਨਾ ਹੋਵੇ ਮਾਨ ਨੂੰ ਹੀ ‘ਆਪ’ ਦਾ ਮੁੱਖ ਮੰਤਰੀ ਉਮੀਦਵਾਰ ਉਤਾਰਿਆ ਜਾਵੇਗਾ।
ਦੂਜੇ ਪਾਸੇ, ਕਾਂਗਰਸ ਵੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਮਾਇਤ ਕਰਦੀ ਨਜ਼ਰ ਆ ਰਹੀ ਹੈ, ਜਿਸ ਵਿੱਚ ਪਾਰਟੀ ਨੇ ਆਪਣੇ ਅਧਿਕਾਰਤ ਟਵਿਟਰ ਤੋਂ ਇੱਕ ਵੀਡੀਓ ਸਾਂਝੀ ਕੀਤਾ ਹੈ ਜਿਸ ਵਿੱਚ ਅਭਿਨੇਤਾ ਸੋਨੂੰ ਸੂਦ ਇਹ ਕਿਹੰਦਾ ਹੈ ਕਿ “ਅਸਲੀ ਮੁੱਖ ਮੰਤਰੀ ਉਹ ਹੈ। ਜਿਸ ਨੂੰ ਇਹ ਦੱਸਣ ਦੀ ਲੋੜ ਨਾ ਪਵੇ ਕਿ ਉਹ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਹੈ।” ਕਾਂਗਰਸ ਵਲੋਂ ਸਾਂਝੀ ਇਸ ਵੀਡੀਓ ਵਿੱਚ ਚੰਨੀ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਇਸੀ ਦੇ ਨਾਲ ਇਸ ਵੀਡੀਓ ਵਿੱਚ ਪੰਜਾਬ ਕਾਂਗਰਸ ਦੇ ਪਾਰਟੀ ਪ੍ਰਧਾਨ ਨਵਜੋਤ ਸਿੱਧੂ ਦੀ ਇੱਕ ਵੀ ਝਲਕ ਵੀਡੀਓ ‘ਚ ਸ਼ਾਮਿਲ ਨਹੀਂ ਕੀਤੀ ਗਈ ਹੈ।