ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੂੰ ਡਰੱਗ ਕੇਸ ਵਿਚ ਹਾਈਕੋਰਟ ਵੱਲੋਂ ਅੱਜ ਫਿਰ ਕੋਈ ਰਾਹਤ ਨਹੀਂ ਮਿਲੀ। ਬਿਕਰਮ ਮਜੀਠੀਆ ਮਾਮਲੇ ਨੂੰ ਲੈ ਕੇ ਵੀਰਵਾਰ ਨੂੰ ਸੁਣਵਾਈ ਹੋਈ ਤੇ ਅੱਜ ਵੀ ਮਜੀਠੀਆ ਦਾ ਹੱਥ ਖਾਲੀ ਰਿਹਾ। ਮਾਮਲੇ ‘ਚ ਅਗਲੀ ਸੁਣਵਾਈ ਹੁਣ 5 ਜਨਵਰੀ ਤੈਅ ਕੀਤੀ ਗਈ ਹੈ। ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਜ਼ਮਾਨਤ ‘ਤੇ ਫੈਸਲਾ ਹੁਣ 5 ਜਨਵਰੀ ਨੂੰ ਆਉਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬਿਕਰਮ ਮਜੀਠਆ ਦੀ ਜ਼ਮਾਨਤ ਅਰਜੀ ਨੂੰ ਮੋਹਾਲੀ ਦੀ ਸਥਾਨਕ ਅਦਾਲਤ ਨੇ ਵੀ ਖਾਰਜ ਕਰ ਦਿੱਤਾ ਸੀ।
ਮਜੀਠੀਆ ਦੇ ਵਕੀਲ ਦਮਨਬੀਰ ਸੋਬਤੀ ਨੇ ਇੱਕ ਬਿਆਨ ਵਿਚ ਕਿਹਾ ਕਿ ਅੱਜ ਸੁਣਵਾਈ ਦੌਰਾਨ ਉਨ੍ਹਾਂ ਦੇ ਸੀਨੀਅਰ ਵਕੀਲ ਮੁਕੁਲ ਰੋਹਤਗੀ ਹਾਜ਼ਰ ਨਹੀਂ ਹੋ ਸਕੇ ਸਨ। ਇਸ ਲਈ ਉਨ੍ਹਾਂ ਨੇ ਅਦਾਲਤ ਤੋਂ ਇਸ ਮਾਮਲੇ ਵਿਚ ਸਮਾਂ ਮੰਗਿਆ ਸੀ, ਜਿਸ ‘ਤੇ ਅਦਾਲਤ ਨੇ 5 ਜਨਵਰੀ ਤਰੀਕ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮੋਹਾਲੀ ਅਦਾਲਤ ਵਿਚ ਜ਼ਮਾਨਤ ਅਰਜ਼ੀ ਰੱਦ ਹੋਣ ਪਿੱਛੋਂ ਬਿਕਰਮ ਮਜੀਠੀਆ ਨੇ ਹੁਣ ਹਾਈਕੋਰਟ ਦਾ ਰੁਖ਼ ਕੀਤਾ ਸੀ। ਮੋਹਾਲੀ ਕੋਰਟ ਵੱਲੋਂ ਜ਼ਮਾਨਤ ਅਰਜ਼ੀ ਰੱਦ ਕਰਨ ‘ਤੇ ਮਜੀਠੀਆ ਨੇ ਪੰਜਾਬ ਹਰਿਆਣਾ ਹਾਈਕੋਰਟ ਵਿਚ ਫੈਸਲੇ ਨੂੰ ਚੁਨੌਤੀ ਦਿੰਦਿਆਂ ਜ਼ਮਾਨਤ ਦੀ ਮੰਗ ਕੀਤੀ ਹੈ।
ਮਜੀਠੀਆ ਵੱਲੋਂ ਹਾਈਕੋਰਟ ਵਿਚ 331 ਪੰਨਿਆਂ ਦੀ ਪਟੀਸ਼ਨ ਦਾਖਲ ਕਰਕੇ ਅੰਤਰਿਮ ਜ਼ਮਾਨਤ ਦੀ ਮੰਗ ਕੀਤੀ ਗਈ ਸੀ। ਇਸ ਵਿੱਚ ਕਿਹਾ ਹੈ ਕਿ ਪੰਜਾਬ ਸਰਕਾਰ ਉਨ੍ਹਾਂ ਵਿਰੁੱਧ ਇਹ ਸਭ ਇੱਕ ਸਾਜਿਸ਼ ਤਹਿਤ ਕਰ ਰਹੀ ਹੈ। ਅਰਜ਼ੀ ਵਿਚ ਇਹ ਵੀ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਦੇ ਡੀਜੀਪੀ ਚਟੋਪਧਿਆਏ, ਅਕਾਲੀ ਦਲ ਨਾਲ ਪੁਰਾਣੀ ਨਾਰਾਜ਼ਗੀ ਹੈ, ਜਿਸ ਕਾਰਨ ਇਹ ਸਾਰੀ ਸਾਜਿਸ਼ ਰਚੀ ਗਈ ਹੈ।