ਉੱਤਰ ਪ੍ਰਦੇਸ਼ ਦੇ ਬਾਗਪਤ ‘ਚ ਆਰਥਿਕ ਤੰਗੀ ਨਾਲ ਜੂਝ ਰਹੇ ਜੁੱਤੀਆਂ ਦੇ ਕਾਰੋਬਾਰੀ ਨੇ ਆਪਣੀ ਪਤਨੀ ਸਮੇਤ ਮੰਗਲਵਾਰ ਨੂੰ ਫੇਸਬੁੱਕ ‘ਤੇ ਲਾਈਵ ਹੋ ਕੇ ਜ਼ਹਿਰ ਖਾ ਲਿਆ। ਇਸ ਤੋਂ ਬਾਅਦ ਦੋਵਾਂ ਨੂੰ ਗੰਭੀਰ ਹਾਲਤ ‘ਚ ਤੁਰੰਤ ਸ਼ਹਿਰ ਦੇ ਇਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਔਰਤ ਦੀ ਮੌਤ ਹੋ ਗਈ, ਜਦਕਿ ਕਾਰੋਬਾਰੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਦੋ ਮਿੰਟ ਦੇ ਇਸ ਵੀਡੀਓ ਵਿੱਚ 40 ਸਾਲਾ ਰਾਜੀਵ ਤੋਮਰ ਕਹਿ ਰਹੇ ਹਨ ਕਿ ਜੀਐਸਟੀ ਕਾਰਨ ਉਨ੍ਹਾਂ ਦਾ ਕਾਰੋਬਾਰ ਠੱਪ ਹੋ ਗਿਆ ਹੈ। ਇਸ ਦੌਰਾਨ ਉਹ ਥੈਲੀ ਖੋਲ੍ਹ ਕੇ ਉਸ ਵਿੱਚੋਂ ਕੁਝ ਕੱਢ ਕੇ ਖਾਂਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਨੇੜੇ ਹੀ ਬੈਠੀ ਉਸ ਦੀ ਪਤਨੀ ਪੂਨਮ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੀ। ਇਸ ਤੋਂ ਬਾਅਦ ਪੂਨਮ ਨੇ ਵੀ ਜ਼ਹਿਰ ਖਾ ਲਿਆ।
ਇਸ ਦੌਰਾਨ ਤੋਮਰ ਰੋਂਦੇ ਹੋਏ ਆਖ ਰਿਹਾ ਹੈ, ‘ਮੈਨੂੰ ਲੱਗਦਾ ਹੈ ਕਿ ਮੈਨੂੰ ਬੋਲਣ ਦੀ ਆਜ਼ਾਦੀ ਹੈ। ਮੇਰੇ ਸਿਰ ਜੋ ਵੀ ਕਰਜ਼ਾ ਹੈ, ਮੈਂ ਉਸ ਨੂੰ ਮੋੜ ਕੇ ਜਾਵਾਂਗਾ। ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਮੈਂ ਦੇਸ਼ਧ੍ਰੋਹੀ ਨਹੀਂ ਹਾਂ, ਮੈਨੂੰ ਆਪਣੇ ਦੇਸ਼ ਉਤੇ ਵਿਸ਼ਵਾਸ ਹੈ, ਪਰ ਮੈਂ ਮੋਦੀ ਜੀ (ਪ੍ਰਧਾਨ ਮੰਤਰੀ) ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਛੋਟੇ ਕਾਰੋਬਾਰੀਆਂ ਅਤੇ ਕਿਸਾਨਾਂ ਦੇ ਹਿਤੈਸ਼ੀ ਨਹੀਂ ਹੋ। ਆਪਣੀਆਂ ਨੀਤੀਆਂ ਬਦਲੋ।’
ਇਸ ਦੌਰਾਨ ਉਸ ਨੂੰ ਫੇਸਬੁੱਕ ‘ਤੇ ਲਾਈਵ ਦੇਖ ਰਹੇ ਕੁਝ ਲੋਕਾਂ ਨੇ ਤੁਰੰਤ ਪੁਲਿਸ ਨੂੰ ਫੋਨ ਕੀਤਾ। ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਅਤੇ ਦੋਵਾਂ ਪਤੀ-ਪਤਨੀ ਨੂੰ ਹਸਪਤਾਲ ਪਹੁੰਚਾਇਆ। ਹਾਲਾਂਕਿ ਤੋਮਰ ਦੀ 38 ਸਾਲਾ ਪਤਨੀ ਪੂਨਮ ਦੀ ਹਸਪਤਾਲ ‘ਚ ਹੀ ਮੌਤ ਹੋ ਗਈ।
ਯੂਪੀ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਵਿੱਚ ਬੀਤੇ ਕੱਲ 10 ਫਰਵਰੀ ਨੂੰ ਬਾਗਪਤ ਵਿਚ ਵੀ ਵੋਟਿੰਗ ਹੋਈ ਹੈ। ਅਜਿਹੇ ‘ਚ ਵਿਰੋਧੀ ਪਾਰਟੀਆਂ ਵੀ ਇਸ ਘਟਨਾ ਨੂੰ ਜ਼ੋਰਦਾਰ ਢੰਗ ਨਾਲ ਉਠਾਉਂਦੀਆਂ ਨਜ਼ਰ ਆ ਰਹੀਆਂ ਹਨ। ਇਹ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਸਮੇਤ ਕਈ ਨੇਤਾਵਾਂ ਨੇ ਇਸ ਘਟਨਾ ਨੂੰ ਲੈ ਕੇ ਭਾਜਪਾ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।