ਮਾਨਸਾ । ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਹੈ। ਮਾਨਸਾ ਦੇ ਪਿੰਡ ਜਵਾਹਰਕੇ ‘ਚ ਉਨ੍ਹਾਂ ‘ਤੇ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ ।20 ਤੋਂ ਜਿਆਦਾ ਰਾਊਂਡ ਫਾਇਰਿੰਗ ਨਾਲ ਮੂਸੇਵਾਲਾ ਦੀ ਮੌਤ ਹੋ ਗਈ ਅਤੇ ਓਹਨਾਂ ਦੇ ਦੋ ਸਾਥੀ ਜ਼ਖਮੀ ਹੋ ਗਏ । ਪੰਜਾਬ ਵਿੱਚ CM ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਸ਼ਨੀਵਾਰ ਨੂੰ ਹੀ ਸਿੱਧੂ ਮੂਸੇਵਾਲਾ ਦੀ ਸੁਰੱਖਿਆ ‘ਚ ਕਟੌਤੀ ਕੀਤੀ ਸੀ।
ਸਿੱਧੂ ਮੂਸੇਵਾਲਾ ਕੋਲ ਪਹਿਲਾਂ 8 ਤੋਂ 10 ਗੰਨਮੈਨ ਸਨ। ਸ਼ਨੀਵਾਰ ਨੂੰ ਮਾਨ ਸਰਕਾਰ ਨੇ ਉਸ ਦੇ ਕੋਲ ਸਿਰਫ਼ 2 ਗੰਨਮੈਨ ਹੀ ਛੱਡੇ ਸਨ। ਮਿਲੀ ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ ਆਪਣੇ ਸਾਥੀਆਂ ਨਾਲ ਕਾਰ ‘ਚ ਸਵਾਰ ਹੋ ਕੇ ਜਾ ਰਿਹਾ ਸੀ। ਮੁਸੇਵਾਲਾ ਖੁਦ ਕਾਰ ਚਲਾ ਰਿਹਾ ਸੀ । ਕਾਲੇ ਰੰਗ ਦੀ ਗੱਡੀ ‘ਚ ਸਵਾਰ ਹਮਲਾਵਰਾਂ ਨੇ ਉਨ੍ਹਾਂ ‘ਤੇ 20 ਤੋਂ ਜਿਆਦਾ ਰਾਊਂਡ ਗੋਲੀਆਂ ਚਲਾ ਦਿੱਤੀਆਂ। ਇਹ ਗੋਲੀਬਾਰੀ ਮੁਸੇਵਾਲਾ ਦੇ ਘਰ ਤੋਂ ਕਰੀਬ 5 ਕਿਲੋਮੀਟਰ ਦੂਰ ਕੀਤੀ ਗਈ ।
ਸਿੱਧੂ ਮੂਸੇਵਾਲਾ ਨੇ ਕੱਲ੍ਹ ਹੀ ਆਪਣੇ ਵਕੀਲ ਨਾਲ ਗੱਲ ਕੀਤੀ ਸੀ। ਜਿਸ ਵਿੱਚ ਉਹਨੇ ਆਪਣੇ ਆਪ ਨੂੰ ਜਾਨ ਦਾ ਖਤਰਾ ਦੱਸਿਆ ਸੀ। ਮੂਸੇਵਾਲਾ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਨੇ ਬਿਨਾਂ ਕੋਈ ਨੋਟਿਸ ਦਿੱਤੇ ਅਚਾਨਕ ਉਨ੍ਹਾਂ ਦੀ ਸੁਰੱਖਿਆ ਘਟਾ ਦਿੱਤੀ ਹੈ। ਇਸ ਲਈ ਇਸ ਲਈ ਕੋਈ ਹੋਰ ਪ੍ਰਬੰਧ ਕਰਨਾ ਪਵੇਗਾ।