ਘਟਨਾ ’ਚ 10 ਵਿਅਕਤੀ ਸ਼ਾਮਿਲ, ਬਾਕੀ 5 ਦੀ ਭਾਲ ਜਾਰੀ, 27 ਬੋਰੀਆਂ ਚੌਲਾਂ ਦੀਆਂ ਬਰਾਮਦ

ਚਾਨਾ, ਜੈਤੋ : ਸੀਨੀਅਰ ਪੁਲਿਸ ਕਪਤਾਨ, ਫ਼ਰੀਦਕੋਟ ਪ੍ਰਗਿਆ ਜੈਨ (ਆਈਪੀਐੱਸ) ਦੀਆਂ ਹਦਾਇਤਾਂ ’ਤੇ, ਸਬ-ਡਵੀਜ਼ਨ ਜੈਤੋ ਦੇ ਡੀਐੱਸਪੀ ਸੁਖਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਥਾਣਾ ਜੈਤੋ ਦੇ ਐੱਸਐੱਚਓ ਤੇ ਸੀ.ਆਈ. ਸਟਾਫ਼ ਜੈਤੋ ਦੇ ਇੰਚਾਰਜ ਇੰਸਪੈਕਟਰ ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਪੁਲਿਸ ਨੇ ਬੀਤੀ 17-18 ਅਗਸਤ ਦੀ ਦਰਮਿਆਨੀ ਰਾਤ ਨੂੰ ਜੈਤੋ ਵੈਅਰਹਾਊਸ ਦੇ ਗੋਦਾਮ ਵਿੱਚੋਂ ਚੌਲਾਂ ਦੀਆਂ 70 ਬੋਰੀਆਂ ਚੋਰੀ ਕਰਨ ਵਾਲੇ 5 ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ। ਇਨ੍ਹਾਂ ਵਿੱਚੋਂ ਇੱਕ ਵਿਆਕਤੀ ਖ਼ਿਲਾਫ਼ ਪਹਿਲਾਂ ਹੀ ਕੇਸ ਦਰਜ ਹੈ। ਇਸ ਸੰਬੰਧੀ ਸਥਾਨਕ ਡੀਐੱਸਪੀ ਦਫ਼ਤਰ ਵਿਖੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਐੱਸ.ਪੀ. (ਡੀ) ਫ਼ਰੀਦਕੋਟ ਜਸਮੀਤ ਸਿੰਘ ਨੇ ਦੱਸਿਆ ਕਿ 17-18 ਅਗਸਤ ਦੀ ਦਰਮਿਆਨੀ ਰਾਤ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਵੈਅਰਹਾਊਸ ਗੋਦਾਮ ਦੇ ਸੁਰੱਖਿਆ ਗਾਰਡ ਨੂੰ ਬੰਨ੍ਹ ਕੇ ਮੇਨ ਗੇਟ ਦਾ ਤਾਲਾ ਤੋੜ ਕੇ ਅੰਦਰੋਂ 70 ਬੋਰੀਆਂ ਚੌਲ ਚੋਰੀ ਕਰ ਲਏ ਸਨ। ਜਿਸ ਤੋਂ ਬਾਅਦ ਜੈਤੋ ਪੁਲਿਸ ਨੇ ਵੈਅਰਹਾਊਸ ਦੇ ਮੈਨੇਜਰ ਰਾਜੂ ਮਿੱਤਲ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਉਕਤ ਮਾਮਲੇ ਦੀ ਚੱਲ ਰਹੀ ਜਾਂਚ ਦੇ ਚੱਲਦਿਆਂ ਐਤਵਾਰ ਨੂੰ ਉਕਤ ਮਾਮਲੇ ’ਚ ਸ਼ਾਮਿਲ 5 ਵਿਅਕਤੀਆਂ ਨੂੰ 27 ਬੋਰੀਆਂ ਚੌਲਾਂ ਅਤੇ ਇੱਕ ਟਾਟਾ ਏਸ ਸਮੇਤ ਗਿ੍ਰਫ਼ਤਾਰ ਕੀਤਾ ਗਿਆ। ਫੜੇ ਗਏ ਵਿਅਕਤੀਆਂ ਦੀ ਪਹਿਚਾਣ ਵਿੱਕੀ ਸਿੰਘ ਪੁੱਤਰ ਗੱਗੀ ਸਿੰਘ, ਬਲਕਰਨ ਸਿੰਘ ਪੁੱਤਰ ਗੁਰਾ ਸਿੰਘ, ਅਮਨਦੀਪ ਸਿੰਘ ਉਰਫ਼ ਰਾਜੂ ਪੁੱਤਰ ਪ੍ਰੇਮ ਕੁਮਾਰ, ਕ੍ਰਿਸ਼ਨ ਕੁਮਾਰ ਪੁੱਤਰ ਜੋਗਿੰਦਰ ਸਿੰਘ ਅਤੇ ਪਰਮਿੰਦਰ ਸਿੰਘ ਉਰਫ਼ ਗੋਲਡੀ ਪੁੱਤਰ ਬਲਕਾਰ ਸਿੰਘ ਵਾਸੀ ਗੋਨਿਆਣਾ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਕੁਝ ਹੋਰ ਵਿਅਕਤੀ ਵੀ ਸ਼ਾਮਿਲ ਹਨ ਅਤੇ ਉਨ੍ਹਾਂ ਦੀ ਵੀ ਭਾਲ ਜਾਰੀ ਹੈ। ਫੜੇ ਗਏ ਵਿਅਕਤੀਆਂ ਤੋਂ ਪੁੱਛਗਿੱਛ ਕਰਕੇ ਇਨ੍ਹਾਂ ਵਿਅਕਤੀਆਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਉਕਤ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿਚੋਂ ਅਮਨਦੀਪ ਸਿੰਘ ਉਰਫ਼ ਰਾਜੂ ਪੁੱਤਰ ਪ੍ਰੇਮ ਕੁਮਾਰ ਖ਼ਿਲਾਫ਼ ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ ਵਿਖੇ ਆਬਕਾਰੀ ਐਕਟ ਤਹਿਤ ਪਹਿਲਾਂ ਵੀ ਮੁਕੱਦਮਾ ਦਰਜ ਹੈ। ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਕਤ ਵਿਅਕਤੀ ਪਹਿਲਾਂ ਵੀ ਮਲੋਟ, ਗਿੱਦੜਬਾਹਾ, ਜਲਾਲਾਬਾਦ, ਫ਼ਾਜ਼ਿਲਕਾ, ਜੈਤੋ ਅਤੇ ਬਾਜਾਖਾਨਾ ਖੇਤਰਾਂ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਚੁੱਕੇ ਹਨ। ਇਸ ਮੌਕੇ ਏਐੱਸਆਈ ਦਰਸ਼ਨ ਸਿੰਘ, ਏਐੱਸਆਈ ਪਰਮਿੰਦਰ ਸਿੰਘ, ਏਐੱਸਆਈ ਨਛੱਤਰ ਸਿੰਘ, ਏਐੱਸਆਈ ਗੁਰਤੇਜ ਸਿੰਘ, ਏਐੱਸਆਈ ਇਕਬਾਲ ਸਿੰਘ, ਹੌਲਦਾਰ ਜਤਿੰਦਰ ਸਿੰਘ, ਹੌਲਦਾਰ ਭੁਲਵਿੰਦਰ ਸਿੰਘ ਅਤੇ ਹੌਲਦਾਰ ਬਲਕਰਨ ਸਿੰਘ ਹਾਜ਼ਰ ਸਨ।25 ਐੱਫਡੀਕੇ 40 : ਡੀਐੱਸਪੀ ਦਫ਼ਤਰ ਜੈਤੋ ਵਿਖੇ ਜਾਣਕਾਰੀ ਦਿੰਦੇ ਹੋਏ ਐੱਸਪੀ (ਡੀ) ਫ਼ਰੀਦਕੋਟ ਜਸਮੀਤ ਸਿੰਘ।25 ਐੱਫਡੀਕੇ 41 : ਗਿ੍ਰਫ਼ਤਾਰ ਕੀਤੇ ਗਏ ਵਿਅਕਤੀ ਜੈਤੋ ਵਿਖੇ ਪੁਲਿਸ ਮੁਲਾਜ਼ਮਾਂ ਨਾਲ।