ਨਵੀਂ ਦਿੱਲੀ :
ਅਪ੍ਰੈਲ ‘ਚ ਹੋਣ ਵਾਲੇ ਚਾਰ ਦੇਸ਼ਾਂ ਦੇ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਤੋਂ ਪਹਿਲਾਂ ਕਰਤਾਰਪੁਰ ਲਾਂਘੇ ‘ਤੇ ਮਾਰਚ 2022 ‘ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਦੇਖਣ ਨੂੰ ਮਿਲੇਗਾ। ਪਾਕਿਸਤਾਨ ਕਬੱਡੀ ਫੈਡਰੇਸ਼ਨ (PKF) ਦੇ ਸਕੱਤਰ ਰਾਣਾ ਮੁਹੰਮਦ ਸਰਵਰ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿਤੀ।
“ਦੋਵੇਂ ਦੇਸ਼ ਮਾਰਚ ਵਿਚ ਕਰਤਾਰਪੁਰ ਲਾਂਘੇ ‘ਤੇ ਇਕ ਅੰਤਰਰਾਸ਼ਟਰੀ ਮੈਚ ਖੇਡਣ ਲਈ ਤਿਆਰ ਹਨ। ਮੁਹੰਮਦ ਸਰਵਰ ਨੇ ਕਿਹਾ, “ਅਸੀਂ ਇਤਿਹਾਸ ਰਚਦੇ ਦੇਖਣ ਲਈ ਤਿਆਰ ਹਾਂ, ਕਿਉਂਕਿ ਪਾਕਿਸਤਾਨ ਅਤੇ ਭਾਰਤ ਕਰਤਾਰਪੁਰ ਲਾਂਘੇ ‘ਤੇ ਅੰਤਰਰਾਸ਼ਟਰੀ ਮੈਚ ਖੇਡਣ ਲਈ ਸਹਿਮਤ ਹੋਏ ਹਨ। ਦੋਵੇਂ ਫੈਡਰੇਸ਼ਨਾਂ ਨੇ ਸਹਿਮਤੀ ਜਤਾਈ ਹੈ ਕਿ ਟੀਮਾਂ ਅੰਤਰਰਾਸ਼ਟਰੀ ਮੈਚ ਖੇਡਣ ਲਈ ਸਰਹੱਦ ਪਾਰ ਕਰਨਗੀਆਂ। ਮੈਚ ਤੋਂ ਬਾਅਦ ਦੋਵੇਂ ਟੀਮਾਂ ਆਪੋ-ਆਪਣੇ ਮੁਲਕਾਂ ਨੂੰ ਪਰਤ ਜਾਣਗੀਆਂ।
ਮੈਚ ਬਾਰੇ ਹੋਰ ਪੁੱਛਣ ‘ਤੇ ਸਰਵਰ ਨੇ ਕਿਹਾ ਕਿ ਇਸ ਨੂੰ ਅੰਤਿਮ ਰੂਪ ਦੇਣ ਲਈ ਗੱਲਬਾਤ ਜਾਰੀ ਹੈ। ਉਨ੍ਹਾਂ ਨੇ ਕਿਹਾ, ”ਉਮੀਦ ਹੈ ਕਿ ਮਾਰਚ ਦੇ ਅੰਤ ‘ਚ ਅੰਤਰਰਾਸ਼ਟਰੀ ਮੈਚ ਦਾ ਆਯੋਜਨ ਕੀਤਾ ਜਾਵੇਗਾ। ਕਿਉਂਕਿ ਅਸੀਂ ਅਪ੍ਰੈਲ ਵਿਚ ਲਾਹੌਰ ਵਿਚ ਚਾਰ ਦੇਸ਼ਾਂ ਦੇ ਅੰਤਰਰਾਸ਼ਟਰੀ ਟੂਰਨਾਮੈਂਟ ਦੀ ਮੇਜ਼ਬਾਨੀ ਕਰਨੀ ਹੈ, ਇਸ ਲਈ ਅਸੀਂ ਇਹ ਮੈਚ ਕੁਝ ਹਫ਼ਤੇ ਪਹਿਲਾਂ ਮਾਰਚ ਵਿਚ ਕਰਨਾ ਚਾਹੁੰਦੇ ਹਾਂ।