ਨਵੀਂ ਦਿੱਲੀ :
ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵਲੋਂ ਕੰਗਨਾ ਰਣੌਤ ਖ਼ਿਲਾਫ਼ FIR ਦਰਜ ਕਰਵਾਈ ਗਈ ਹੈ। ਦੱਸ ਦੇਈਏ ਕਿ ਕੰਗਨਾ ‘ਤੇ ਸਿੱਖਾਂ ਦੀਆਂ ਭਾਵਨਾਂਵਾਂ ਨੂੰ ਠੇਸ ਪਹੁੰਚਾਉਣ ਤਹਿਤ ਇਹ ਮਾਮਲਾ ਦਰਜ ਕਰਵਾਇਆ ਗਿਆ ਹੈ।
ਮਨਜਿੰਦਰ ਸਿਰਸਾ ਨੇ ਇਸ ਬਾਬਤ ਸੋਸ਼ਲ ਮੀਡੀਆ ‘ਤੇ ਜਾਣਕਾਰੀ ਸਾਂਝੀ ਕੀਤੀ ਹੈ। ਜਾਣਕਾਰੀ ਅਨੁਸਾਰ ਇਹ ਐਫਆਈਆਰ ਖਾਰ ਪੁਲਿਸ ਸਟੇਸ਼ਨ ‘ਚ 295 ਏ ਤਹਿਤ ਦਰਜ ਕਰਵਾਈ ਗਈ ਹੈ। ਦੱਸਣਯੋਗ ਹੈ ਕਿ ਆਏ ਦਿਨ ਕੰਗਨਾ ਰਣੌਤ ਵਲੋਂ ਸੋਸ਼ਲ ਮੀਡੀਆ ‘ਤੇ ਇਤਰਾਜ਼ਯੋਗ ਬਿਆਨਬਾਜ਼ੀ ਕੀਤੀ ਜਾਂਦੀ ਹੈ ਅਤੇ ਇਸ ਤਰ੍ਹਾਂ ਹੀ ਉਸ ਨੇ ਬੀਤੇ ਦਿਨੀ ਸੋਸ਼ਲ ਮੀਡੀਆ ‘ਤੇ ਨਫ਼ਰਤ ਭਰੇ ਬਿਆਨ ਦਿਤੇ ਸਨ ਅਤੇ ਸਿੱਖਾਂ ਵਿਰੁੱਧ ਭੱਦੀ ਸ਼ਬਦਾਵਲੀ ਵਰਤੀ ਸੀ।
ਜਿਸ ‘ਤੇ ਕਾਰਵਾਈ ਕਰਦਿਆਂ ਹੋਇਆਂ ਇਹ ਐਫਆਈਆਰ ਦਰਜ ਕਰਵਾਈ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਬੀਤੇ ਕੱਲ੍ਹ ਇਕ ਕ੍ਰਿਮੀਨਲ ਕਮਪਲੇਂਟ ਦਿਤੀ ਗਈ ਸੀ। ਜਿਸ ‘ਤੇ ਅਮਲ ਕਰਦਿਆਂ ਅੱਜ ਮੁੰਬਈ ਪੁਲਿਸ ਨੇ ਇਹ ਐਫ ਆਈ ਆਰ ਦਰਜ ਕਰ ਲਈ ਹੈ।
ਉਨ੍ਹਾਂ ਕਿਹਾ ਕਿ ਹੁਣ ਤਾਂ ਸਿਰਫ਼ FIR ਹੋਈ ਹੈ ਪਰ ਆਉਣ ਵਾਲੇ ਸਮੇਂ ਵਿਚ ਉਸ ਨੂੰ ਜੇਲ੍ਹ ਵੀ ਜਾਣਾ ਪਵੇਗਾ। ਸਿਰਸਾ ਨੇ ਕਿਹਾ ਕਿ ਕੰਗਨਾ ਅਤੇ ਉਸ ਦੇ ਮਾਤਾ ਪਿਤਾ ਨੂੰ ਵੀ ਸਮਝਾਇਆ ਗਿਆ ਸੀ ਕਿ ਅਜਿਹੀ ਸ਼ਬਦਾਵਲੀ ਨਾ ਵਰਤੀ ਜਾਵੇ ਪਰ ਉਹ ਬਾਜ਼ ਨਹੀਂ ਆਈ।
ਅਸੀਂ ਕਿਸੇ ਵੀ ਔਰਤ ਖ਼ਿਲਾਫ਼ ਅਜਿਹੀ ਕਾਰਵਾਈ ਨਹੀਂ ਕਰਨੀ ਚਾਹੁੰਦੇ ਸੀ। ਪਰ ਕੰਗਨਾ ਰਣੌਤ ਨੇ ਖ਼ੁਦ ਸਾਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ ਹੈ। ਇਸ ਲਈ ਹੁਣ ਇਸ ਕੇਸ ‘ਤੇ ਪੂਰੀ ਪੈਰਵੀ ਕੀਤੀ ਜਾਵੇਗੀ ਅਤੇ ਉਸ ਨੂੰ ਸਜ਼ਾ ਵੀ ਦਿਵਾਈ ਜਾਵੇਗੀ।