ਲਖੀਮਪੁਰ ਖੀਰੀ ਹਿੰਸਾ ਦੇ ਮੁੱਖ ਮੁਲਜ਼ਮ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਨੀ ਦੇ ਬੇਟੇ ਆਸ਼ੀਸ਼ ਮਿਸ਼ਰਾ ਪੁਲਿਸ ਅੱਗੇ ਪੇਸ਼ ਹੋਣ ਲਈ ਪਹੁੰਚੇ ਹਨ।
ਉੱਧਰ ਦੂਜੇ ਪਾਸੇ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਆਪਣੀ ਭੁੱਖ ਹੜਤਾਲ ਖ਼ਤਮ ਕਰ ਦਿੱਤੀ ਹੈ।
ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਸੀ ਕਿ ਜਦੋਂ ਤੱਕ ਮੰਤਰੀ ਦੇ ਮੁੰਡੇ ਆਸ਼ੀਸ਼ ਮਿਸ਼ਰਾ ਨੂੰ ਜਾਂਚ ਦਾ ਹਿੱਸਾ ਨਹੀਂ ਬਣਾਇਆ ਜਾਂਦਾ ਹੈ। ਉਹ ਭੁੱਖ ਹੜਤਾਲ ਕਰਨਗੇ।
ਬੀਤੇ ਦਿਨੀਂ ਉਹ ਲਖੀਮਪੁਰ ਖੀਰੀ ਵਿੱਚ ਹੀ ਭੁੱਖ ਹੜਤਾਲ ‘ਤੇ ਬੈਠ ਗਏ ਸਨ। ਪਰ ਹੁਣ ਆਸ਼ੀਸ਼ ਮਿਸ਼ਰਾ ਦੇ ਕਰਾਈਮ ਬ੍ਰਾਂਚ ਪਹੁੰਚ ਕੇ ਪੇਸ਼ ਹੋਣ ਮਗਰੋਂ ਉਨ੍ਹਾਂ ਨੇ ਹੜਤਾਲ ਖ਼ਤਮ ਕਰ ਦਿੱਤੀ ਹੈ।
ਆਸ਼ੀਸ਼ ਮਿਸ਼ਰਾ ਨੂੰ ਪੁਲਿਸ ਨੇ ਕ੍ਰਾਈਮ ਬਰਾਂਚ ਵਿੱਚ ਸ਼ਨਿੱਚਰਵਾਰ, 11 ਵਜੇ ਤੱਕ ਪੇਸ਼ ਹੋਣ ਦਾ ਸਮਾਂ ਦਿੱਤਾ ਗਿਆ ਸੀ ਪਰ ਉਹ ਉਸ ਤੋਂ ਤੋਂ 20 ਮਿੰਟ ਪਹਿਲਾਂ ਜਾਣੀ 10.40 ਵਜੇ ਪਹੁੰਚ ਗਏ ਸਨ।
ਆਸ਼ੀਸ਼ ਮਿਸ਼ਰਾ ਦੇ ਵਕੀਲ ਅਵਧੇਸ਼ ਕੁਮਾਰ ਨੇ ਕਿਹਾ ਹੈ, ਲੀਗਲ ਨੋਟਿਸ ਦਾ ਸਨਮਾਨ ਹੋਵੇਗਾ ਅਤੇ ਜਾਂਚ ਵਿੱਚ ਸਹਿਯੋਗ ਦਿੱਤਾ ਜਾਵੇਗਾ।
ਆਸ਼ੀਸ਼ ਮਿਸ਼ਰ ਦੇ ਨਾਲ਼ ਲਖੀਮਪੁਰ ਖੀਰੀ ਸਦਰ ਤੋਂ ਵਿਧਾਇਕ ਯੋਗੇਸ਼ ਸ਼ਰਮਾ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰ ਟੇਨੀ ਦੇ ਸੰਸਦੀ ਨੁਮਾਇੰਦੇ ਅਰਵਿੰਦ ਸਿੰਘ ਅਤੇ ਆਸ਼ੀਸ਼ ਦੇ ਵਕੀਲ ਵੀ ਪੁਲਿਸ ਲਾਇੰਸ ਪਹੁੰਚੇ।
ਪੁਲਿਸ ਲਾਇੰਸ ਵਿੱਚ ਉਹ ਮੁੱਖ ਦਰਵਾਜੇ ਦੀ ਥਾਂ ਪਿਛਲੇ ਦਰਵਾਜੇ ਤੋਂ ਪੈਦਲ ਹੀ ਦਾਖਲ ਹੋਏ।
ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਸ਼ੁੱਕਰਵਾਰ ਸ਼ਾਮ ਨੂੰ ਹੀ ਲਖੀਮਪੁਰ ਖੀਰੀ ਦੇ ਆਪਣੇ ਘਰ ਪਹੁੰਚ ਕੇ ਸ਼ਨਿੱਚਰਵਾਰ ਸਵੇਰੇ ਤੋਂ ਹੀ ਉਹ ਸ਼ਹਿਰ ਵਿੱਚ ਆਪਣੇ ਸੰਸਦੀ ਦਫ਼ਤਰ ਪਹੁੰਚ ਕੇ ਬੀਜੇਪੀ ਦੇ ਵਰਕਰਾਂ ਨੂੰ ਮਿਲ ਰਹੇ ਹਨ।
ਪੁਲਿਸ ਲਾਇੰਸ ਤੋਂ ਅਜੇ ਮਿਸ਼ਰ ਟੈਨੀ ਦਾ ਦਫ਼ਤਰ ਕੁਝ ਹੀ ਦੂਰੀ ‘ਤੇ ਸਥਿਤ ਹੈ। ਇਸ ਪੂਰੇ ਰਸਤੇ ਉੱਪਰ ਵੱਡੀ ਗਿਣਤੀ ਵਿੱਚ ਸੁਰੱਖਿਆ ਦਸਤਿਆਂ ਦੀ ਤਾਇਨਾਤੀ ਹੈ।