ਸਰਬਜੀਤ ਸੋਹੀ, ਆਸਟ੍ਰੇਲੀਆ ਆਪਣੇ ਇਕ ਲੇਖ ਵਿੱਚ ਲਿਖਦੇ ਹਨ ਕਿ ਪੱਛਮੀ ਮੀਡੀਆ ਅਗਰ ਚਾਹੇ ਤਾਂ ਬਘਿਆੜ ਨੂੰ ਲੇਲਾ ਬਣਾ ਕੇ ਪੇਸ਼ ਕਰ ਸਕਦਾ ਹੈ। ਦੂਜੀ ਵਿਸ਼ਵ ਜੰਗ ਤੋਂ ਬਾਅਦ ਅਮਰੀਕਾ ਅਤੇ ਜੋਟੀਦਾਰਾਂ ਦੁਆਰਾ ਮੀਡੀਆ ਰਾਹੀਂ ਮਾਓ, ਸਟਾਲਿਨ ਅਤੇ ਫੀਦੇਲ ਕਾਸਟਰੋ ਸਮੇਤ ਸਮਾਜਵਾਦੀ ਦੇਸ਼ਾਂ ਦੇ ਹਰ ਲੋਕ ਆਗੂ ਨੂੰ ਹਊਆ ਬਣਾ ਕੇ ਪੇਸ਼ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ, ਜਦ ਕਿ ਅਮਰੀਕਾ ਦੀ ਹਰ ਧੱਕੇਸ਼ਾਹੀ ਨੂੰ ਵਿਸ਼ਵ ਸ਼ਾਂਤੀ, ਲੋਕਤੰਤਰ ਦੀ ਰਖਵਾਲੀ ਅਤੇ ਮਾਨਵਤਾ ਲਈ ਜ਼ਰੂਰੀ ਕਾਰਵਾਈ ਕਹਿੰਦੇ ਹੋਏ ਜ਼ਮੀਨੀ ਹਕੀਕਤ ਨੂੰ ਨਕਾਰਦੇ ਹੋਏ ਪੇਸ਼ ਕੀਤਾ ਹੈ।
ਯੂਕਰੇਨ ਵਿਚ ਵੀ ਰਸ਼ੀਅਨ ਆਰਮੀ ਦੇ ਵੜਦਿਆਂ ਹੀ ਪੱਛਮੀ ਮੀਡੀਆ ਵੱਲੋਂ ਕਮੇਡੀਅਨ ਰਾਸ਼ਟਰਪਤੀ ਜ਼ੈਲੰਸਕੀ ਨੂੰ ਇਕ ਦਿਨ “ਜੰਗੀ ਹੀਰੋ” ਅਤੇ ਦੂਜੇ ਦਿਨ “ਰਹਿਮ ਦਾ ਪਾਤਰ” ਬਣਾਇਆ ਜਾਂਦਾ ਹੈ। ਇਸ ਜੰਗ ਦੀ ਬੁਨਿਆਦ ਉਸ ਦਿਨ ਹੀ ਰੱਖੀ ਗਈ ਸੀ, ਜਦੋਂ 1991 ਵਿਚ (ਚੌਥਾ ਹਿੱਸਾ) ਰੂਸੀ ਕੌਮੀਅਤ ਵਾਲੇ ਅਤੇ (ਅੱਧਾ ਹਿੱਸਾ) ਰੂਸੀ ਭਾਸ਼ਾ ਬੋਲਣ ਵਾਲੇ ਲੋਕਾਂ ਦੀ ਰਾਇ ਅਤੇ ਮਾਨਸਿਕਤਾ ਨੂੰ ਬਿਨਾ ਸਮਝੇ ਹੀ ਰੂਸ ਤੋਂ ਅਲੱਗ ਕਰਦੇ ਹੋਏ ਯੂਕਰੇਨ ਦਾ ਗਠਨ ਹੋਇਆ ਸੀ। ਉਸ ਵੇਲੇ ਟੁੱਟ ਰਿਹਾ ਸੋਵੀਅਤ ਰੂਸ ਮੱਕਾਰ ਗੋਰਬਾਚੇਵ ਦੀ ਅਗਵਾਈ ਵਿੱਚ ਬੇਵੱਸ ਅਤੇ ਮਜਬੂਰ ਸੀ। ਸੰਨ੍ਹ 2014 ਤੱਕ ਰੂਸ ਨਾਲ ਯੂਕਰੇਨ ਦੀ ਸਦੀਆਂ ਤੋਂ ਚੱਲਦੀ ਆ ਰਹੀ ਸਾਂਝ ਬਣੀ ਰਹੀ, ਪਰ ਉਸ ਤੋਂ ਬਾਅਦ ਲਗਾਤਾਰ ਯੂਕਰੇਨ ਦਾ ਨਾਟੋਕਰਨ ਕਰਨ ਲਈ ਪੱਛਮੀ ਪ੍ਰਭਾਵ ਹੇਠ ਰੂਸੀ ਲੋਕਾਂ ਤੇ ਤਸ਼ਦੱਦ, ਨਜ਼ਰ ਅੰਦਾਜ਼ਗੀ ਅਤੇ ਨਸਲਵਾਦੀ ਪਹੁੰਚ ਨੂੰ ਰਾਸ਼ਟਰਵਾਦ ਵਜੋਂ ਉਭਾਰਿਆ ਗਿਆ ਹੈ।
ਯੂਕਰੇਨ ਦੇ ਨਾਜ਼ੀਵਾਦੀ ਚਿਹਰੇ ( Azov Group) ਬਾਰੇ ਜਾਣਕਾਰੀ ਦਿੰਦੇ ਹੋਏ ਉਹ ਲਿਖਦੇ ਹਨ ਕਿ ਇਸ ਸੋਚ ਤਹਿਤ ਕੰਮ ਕਰਦੇ ਕਈ ਗਰੁਪਾਂ ਵਿੱਚੋ ਇਕ (ਅਜ਼ੋਵ ਬਟਾਲੀਅਨ ਹੈ। ਯੂਕਰੇਨ ਦਾ ਇਹ Neo Nazi ਗਰੁਪ ਸਾਡੇ ਦੇਸ਼ ਦੇ ਫਿਰਕੂ ਸੰਗਠਨਾਂ ਆਰ ਐੱਸ ਐੱਸ, ਬਜਰੰਗ ਦਲ, ਸ਼ਿਵ ਸੈਨਾ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਆਦਿ ਤੋਂ ਵੀ ਜ਼ਿਆਦਾ ਖ਼ਤਰਨਾਕ ਅਤੇ ਹਥਿਆਰਾਂ ਨਾਲ ਲੈਸ ਇਕ ਆਰਮੀ ਬ੍ਰਿਗੇਡ ਹੈ। ਰੂਸ ਪੱਖੀ ਅਤੇ ਵਿਰੋਧੀ 2014 ਦੇ ਮੁਜ਼ਾਹਰਿਆਂ ਵਿਚ ਯੂਕਰੇਨ ਦਾ ਅੱਤਵਾਦੀ ਗ੍ਰੋਹ Azov Battalion ਸੁਰਖ਼ੀਆਂ ਵਿਚ ਆਇਆ ਸੀ। ਪੂਰਬੀ ਯੂਕਰੇਨ ਦੇ ਇਕ ਸੱਜੇ-ਪੱਖੀ ਉਗਰ ਵਿਚਾਰਾਂ ਵਾਲੇ Andriy Biletsky ਨੇ 2014 ਵਿਚ ਇਸ ਬਟਾਲੀਅਨ ਤਹਿਤ ਰੂਸੀ ਵੱਖਵਾਦੀਆਂ ਵਿਰੁੱਧ ਹਥਿਆਰਬੰਦ ਮੁਹਿੰਮ ਦੀ ਅਗਵਾਈ ਕੀਤੀ ਸੀ। ਇਸ ਨੂੰ ਯੂਕਰੇਨ ਦੀ ਸਰਕਾਰ ਵੱਲੋਂ ਹਥਿਆਰ, ਸੁਰੱਖਿਆ ਅਤੇ ਟ੍ਰੇਨਿੰਗ ਦੇ ਕੇ ਰੂਸੀ ਪ੍ਰਭਾਵ ਵਾਲੇ ਇਲਾਕਿਆਂ ਵਿਚ ਹਮਲੇ ਕਰਨ ਦੀ ਪੂਰੀ ਖੁੱਲ ਦਿੱਤੀ ਗਈ। ਇਹ ਇਕ ਵਲੰਟੀਅਰ ਅਧਾਰਤ ਮਿਲਸ਼ੀਆ ਹੈ, ਜਿਸ ਨੇ Kharkiv ਅਤੇ Mariupol ਸਮੇਤ ਅਨੇਕਾਂ ਲੜਾਈਆਂ ਵਿਚ ਰੂਸੀ-ਪੱਖੀ ਗੁਰੀਲਿਆਂ ਵਿਰੁਧ ਸ਼ਮੂਲੀਅਤ ਕੀਤੀ।
ਇਸ ਗਰੁੱਪ ਦੇ ਮੈਂਬਰ ਬਹੁਤ ਸਾਰੇ ਸਥਾਨਿਕ ਕਤਲਾਂ, ਲੁੱਟ-ਮਾਰ ਅਤੇ ਤਸ਼ਦੱਦ ਦੀਆਂ ਕਾਰਵਾਈਆਂ ਵਿਚ ਸ਼ਾਮਿਲ ਰਹੇ ਹਨ। ਇਸ ਤੋਂ ਬਾਅਦ ਸਰਕਾਰ ਨੇ ਇਸ ਬਟਾਲੀਅਨ ਨੂੰ ਬਕਾਇਦਾ National Guard of Ukraine ਵਿਚ ਸ਼ਾਮਿਲ ਕਰ ਲਿਆ। Andriy Biletsky ਵੱਲੋਂ 2014 ਵਿਚ ਰਾਜਨੀਤੀ ਵਿਚ ਐਂਟਰੀ ਕਰ ਲਈ ਗਈ, ਪਰ ਇਸ ਸੰਗਠਨ ਦੇ ਮੈਂਬਰ ਇਸ ਵੇਲੇ ਯੂਕਰੇਨ ਦੀਆਂ ਕਈ ਆਰਮੀ ਬਟਾਲੀਅਨਾਂ ਵਿੱਚ ਖਿੱਲਰੇ ਹੋਏ ਹਨ। ਹਾਲਾਂ ਕਿ ਇਹ ਗਰੁਪ ਆਪਣੇ ਕਹਿਣ ਮੁਤਾਬਿਕ ਯੂਕਰੇਨ ਦੇ ਯੂਰੋ ਯੂਨੀਅਨ ਅਤੇ ਨਾਟੋ ਵਿਚ ਸ਼ਾਮਿਲ ਹੋਣ ਦੇ ਪੱਖ ਵਿਚ ਨਹੀਂ ਹੈ, ਪਰ ਇਸ ਦੀਆਂ ਨੀਤੀਆਂ ਅਤੇ ਜ਼ਮੀਨੀ ਪੱਧਰ ਤੇ ਸਰਗਰਮੀਆਂ ਇਸ ਦੇ ਉਲਟ ਹਨ। ਇਸ ਦੇ ਮੈਂਬਰ ਆਪਣੀ ਵਿਚਾਰਧਾਰਾ ਅਨੁਸਾਰ ਵਰਤਮਾਨ ਵਿਚ ਵੀ ਰੂਸੀ ਭਾਸ਼ਾ, ਵਿਰਾਸਤ ਅਤੇ ਸਭਿਆਚਾਰ ਨਾਲ ਜੁੜੇ ਹੋਏ ਲੋਕਾਂ ਨੂੰ ਜਬਰਨ ਅਖੌਤੀ ਯੂਕਰੇਨੀ ਰਾਸ਼ਟਰਵਾਦ ਵਿਚ ਰੰਗਣ ਲਈ ਹਿੰਸਾ ਅਤੇ ਦਮਨ ਦੇ ਹਮਾਇਤੀ ਹਨ।
ਪੱਛਮੀ ਮੀਡੀਆ ਜਿੱਥੇ ਵੋਲਡੀਮਰ ਜ਼ੈਲੰਸਕੀ ਨੂੰ ਰਸ਼ੀਆ ਦੇ ਸਾਹਮਣੇ ਭਾਵਨਾਤਮਕ ਕਵਰੇਜ ਕਰਦਿਆਂ ਅਮਰੀਕਨ ਪੱਖੀ ਵੀਅਤਨਾਮੀ ਰਾਸ਼ਟਰਪਤੀ Nguyễn Văn Thiệu ਵਾਂਗੂੰ ਉਭਾਰ ਰਿਹਾ, ਉੱਥੇ ਨਾਜ਼ੀਵਾਦੀ ਵਿਚਾਰਧਾਰਾ ਵਾਲੇ ਗਰੁਪਾਂ ਦੀ ਪੁਸ਼ਤ ਪਨਾਹੀ ਕਰਨ ਵਾਲੀ ਸਰਕਾਰੀ ਨੀਤੀ ਬਾਰੇ ਚੁੱਪ ਹੈ। ਇਸੇ ਹੀ ਯੋਜਨਾ ਤਹਿਤ ਜ਼ੈਲੰਸਕੀ ਦੁਆਰਾ ਮੌਜੂਦਾ ਜੰਗ ਵਿਚ ਆਮ ਲੋਕਾਂ ਨੂੰ ਹਥਿਆਰ ਦਿੱਤੇ ਜਾ ਰਹੇ ਹਨ ਤਾਂ ਕਿ ਇਸ ਯੁੱਧ ਵਿਚ ਰੂਸੀ ਸੈਨਾ ਨਾਲ ਲੋਕਾਂ ਨੂੰ ਲੜਾ ਕੇ ਮੀਡੀਆ ਰਾਹੀਂ ਵਿਸ਼ਵ ਦੀ ਹਮਦਰਦੀ ਲਈ ਜਾ ਸਕੇ ਅਤੇ ਰੂਸ ਨੂੰ ਮਨੁੱਖਤਾ ਵਿਰੋਧੀ ਬਣਾ ਕੇ ਪੇਸ਼ ਕੀਤਾ ਜਾ ਸਕੇ।