ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੇ ਕੇਂਦਰ ਸਰਕਾਰ ਦਾ ਨਵਾਂ ਪ੍ਰਸਤਾਵ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਹੈ। ਮੋਰਚੇ ਦੇ ਕਈ ਆਗੂਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਕਿਸਾਨ ਆਗੂਆਂ ਨੇ ਦੱਸਿਆ ਕਿ ਪੰਜ ਮੈਂਬਰੀ ਕਮੇਟੀ ਨੇ ਜਿਸ ਖਰੜੇ ਉੱਤੇ ਸਹੀ ਪਾਇਆ, ਉਸ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਪ੍ਰਵਾਨ ਕਰ ਲਿਆ ਹੈ।
ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਮੋਰਚਾ ਭਾਰਤ ਸਰਕਾਰ ਤੋਂ ਇੱਕ ਸੋਧਿਆ ਖਰੜਾ ਪ੍ਰਸਤਾਵ ਪ੍ਰਾਪਤ ਕਰਨ ਦੀ ਪੁਸ਼ਟੀ ਕਰਦਾ ਹੈ ਅਤੇ ਪ੍ਰਸਤਾਵ ਨੂੰ ਸਵੀਕਾਰ ਕਰਦੇ ਹੋਏ, ਸੰਯੁਕਤ ਕਿਸਾਨ ਮੋਰਚਾ ਦੇ ਅੰਦਰ ਇੱਕ ਸਹਿਮਤੀ ਬਣ ਗਈ ਹੈ।
ਹੁਣ ਸਰਕਾਰ ਦੇ ਲੈਟਰਹੈੱਡ ‘ਤੇ ਦਸਤਖਤ ਕੀਤੇ ਇੱਕ ਰਸਮੀ ਪ੍ਰਸਤਾਵ ਦੀ ਉਡੀਕ ਕੀਤੀ ਜਾ ਰਹੀ ਹੈ।
ਸੰਯੁਕਤ ਕਿਸਾਨ ਮੋਰਚਾ ਵੀਰਵਾਰ ਨੂੰ ਦੁਪਹਿਰ 12 ਵਜੇ ਸਿੰਘੂ ਬਾਰਡਰ ‘ਤੇ ਦੁਬਾਰਾ ਮੀਟਿੰਗ ਕਰੇਗਾ, ਜਿਸ ਤੋਂ ਬਾਅਦ ਮੋਰਚਾ ਚੁੱਕਣ ਦਾ ਰਸਮੀ ਫੈਸਲਾ ਲਿਆ ਜਾ ਸਕਦਾ ਹੈ।
ਕਦੋਂ ਹੋਵੇਗਾ ਮੋਰਚਾ ਖ਼ਤਮ ਕਰਨ ਦਾ ਐਲਾਨ
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਗੁਰਨਾਮ ਸਿੰਘ ਚਢੂਨੀ ਨੇ ਕਿਹਾ, ”ਕੱਲ੍ਹ ਸਰਕਾਰ ਵੱਲੋਂ ਜੋ ਖਰੜਾ ਆਇਆ ਸੀ ਅਤੇ ਉਸ ‘ਤੇ ਅਸੀਂ ਕੁਝ ਸੁਧਾਰਾਂ ਦੀ ਮੰਗ ਕੀਤਾ ਸੀ। ਸਰਕਾਰ ਵੱਲੋਂ ਅੱਜ ਜੋ ਖਰੜਾ ਆਇਆ ਹੈ ਅਤੇ ਸਾਡੇ ਵੱਲੋਂ ਉਸ ‘ਤੇ ਸਹਿਮਤੀ ਬਣ ਗਈ ਹੈ। ਉਸ ਦੀ ਅਧਿਕਾਰਤ ਚਿੱਠੀ ਬਣਨੀ ਅਜੇ ਬਾਕੀ ਹੈ। ਪਰ ਅਜੇ ਅੰਦੋਲਨ ਮੁਲਤਵੀ ਕਰਨ ਦਾ ਫ਼ੈਸਲਾ ਕੱਲ੍ਹ, ਵੀਰਵਾਰ ਨੂੰ ਲਿਆ ਜਾਵੇਗਾ ਤੇ ਉਸ ਤੋਂ ਬਾਅਦ ਹੀ ਕਿਸੇ ਸਿੱਟੇ ‘ਤੇ ਪਹੁੰਚਾਗੇ।”
ਕਿਸਾਨ ਆਗੂ ਅਸ਼ੋਕ ਧਾਵਲੇ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੀ ਬੈਠਕ ਵਿੱਚ ਸਹਿਮਤੀ ਬਣ ਗਈ ਹੈ ਅਤੇ ਸਰਕਾਰ ਵੱਲੋਂ ਇੱਕ ਹੋਰ ਖਰੜਾ ਆਵੇਗਾ ਅਤੇ ਉਸ ਤੋਂ ਬਾਅਦ ਅੰਦੋਲਨ ਨੂੰ ਮੁਲਤਵੀ ਕਰਨ ਸਬੰਧੀ ਕੋਈ ਲਿਆ ਜਾਵੇਗਾ।
ਮੰਗਲਵਾਰ ਵਾਲੇ ਖਰੜੇ ‘ਤੇ ਜੋ ਇਤਰਾਜ਼ ਸਨ, ਅਸੀਂ ਉਸ ਬਾਰੇ ਸਰਕਾਰ ਨੂੰ ਮੁੜ ਭੇਜਿਆ ਅਤੇ ਉਸ ‘ਤੇ ਸਰਕਾਰ ਉਨ੍ਹਾਂ ‘ਤੇ ਕੁਝ ਅੱਗੇ ਵਧੀ ਹੈ। ਅੱਜ ਐੱਸਕੇਐੱਮ ਦੀ ਮੀਟਿੰਗ ਵਿੱਚ ਅੱਜ ਆਏ ਸਰਕਾਰ ਦੇ ਖਰੜੇ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਹੈ। ਪਰ ਅਸੀਂ ਇਹ ਵੀ ਚਿਤਾਵਨੀ ਦੇਣਾ ਚਾਹੁੰਦੇ ਹਾਂ ਕਿ ਇਹ ਸਿਰਫ਼ ਇੱਕ ਖਰੜਾ ਅਤੇ ਕੱਲ੍ਹ ਸਾਨੂੰ ਇਹ ਪੂਰਨ ਚਿੱਠੀ ਦੇ ਰੂਪ ਵਿੱਚ ਮਿਲਣਾ ਚਾਹੀਦਾ ਹੈ। ਜਿਸ ਤੋਂ ਬਾਅਦ ਅੱਗੇ ਦਾ ਵਿਚਾਰ ਵੀਰਵਾਰ ਨੂੰ 12 ਵਜੇ ਦੀ ਮੀਟਿੰਗ ਤੋਂ ਬਾਅਦ ਲਿਆ ਜਾਵੇਗਾ। ਉਦੋਂ ਤੱਕ ਅੰਦੋਲਨ ਜਿਵੇਂ ਚੱਲ ਰਿਹਾ ਹੈ ਚੱਲਦਾ ਰਹੇਗਾ।