ਹਰਪ੍ਰੀਤ ਸਿੰਘ ਚਾਨਾ ਕੋਟਕਪੂਰਾ, :- ‘ਕਾਲੇ ਪਾਣੀ ਦਾ ਮੋਰਚਾ’ ਮੁਹਿੰਮ ਤਹਿਤ ਬੁੱਢੇ ਦਰਿਆ ਦੇ ਦੂਸ਼ਿਤ ਕਾਲੇ ਪਾਣੀ ਨੂੰ ਸਤਲੁਜ ਵਿੱਚ ਸੁੱਟਣ ਵਿਰੁੱਧ ਲੁਧਿਆਣਾ ਵਿਖੇ 24 ਅਗਸਤ ਨੂੰ ਹੋਣ ਜਾ ਰਿਹਾ ਰੋਸ ਮਾਰਚ ਜੋਰ ਫੜਦਾ ਜਾ ਰਿਹਾ ਹੈ। ਅੱਜ ਰਾਜਸਥਾਨ ਦੀ ਵਾਤਾਵਰਨ ਤੇ ਕਾਰਜਸ਼ੀਲ ਸੰਸਥਾ “ਦੂਸ਼ਿਤ ਜਲ ਅਸੁਰੱਖਿਅਤ ਕੱਲ’’ ਦੇ ਵਲੰਟੀਅਰਾਂ ਦੀ ਇੱਕ ਟੀਮ ਰਾਜਸਥਾਨ ਤੋਂ ਕਾਲੇ ਪਾਣੀ ਦੇ ਮੋਰਚੇ ਦੇ ਆਗੂਆਂ ਨੂੰ ਮਿਲਣ ਅਤੇ ਮਾਰਚ ਨੂੰ ਯੋਜਨਾਬੱਧ ਤਰੀਕੇ ਨਾਲ ਚਲਾਉਣ ਦੀ ਰੂਪ ਰੇਖਾ ਬਣਾਉਣ ਲਈ ਆਈ। ਇਹ ਮਾਰਚ ਬੁੱਢਾ ਦਰਿਆ ਦੇ ਦੂਸ਼ਿਤ ਪਾਣੀਆਂ ਜੋ ਕਿ ਦੱਖਣੀ ਪੰਜਾਬ ਅਤੇ ਰਾਜਸਥਾਨ ਦੇ 12 ਜਿਲ੍ਹਿਆਂ ਨੂੰ ਬੀਮਾਰੀਆਂ ਦੇ ਰਿਹਾ ਹੈ, ਬਾਰੇ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਕੱਢਿਆ ਜਾ ਰਿਹਾ ਹੈ। ਪ੍ਰਦੂਸ਼ਿਤ ਜਲ ਅਸੁਰੱਖਿਅਤ ਕੱਲ ਦੇ ਆਗੂ ਰਮਜਾਨ ਅਲੀ ਨੇ ਕਿਹਾ ਕਿ “ਰਾਜਸਥਾਨ ਦੇ 12 ਜਿਲ੍ਹਿਆਂ ਦੀ ਬਹੁਤ ਵੱਡੀ ਆਬਾਦੀ ਇਸੇ ਪਾਣੀ ਨੂੰ ਪੀਣ ਲਈ ਵਰਤਦੀ ਹੈ ਪਰ ਜਦੋਂ ਅਸੀਂ ਇੱਥੇ ਆ ਕੇ ਪਾਣੀ ਦੀ ਹਾਲਤ ਵੇਖਦੇ ਹਾਂ ਤਾਂ ਸਾਨੂੰ ਸਮਝ ਆਉਂਦਾ ਹੈ ਕਿ ਇਨ੍ਹਾਂ ਜਿਲ੍ਹਿਆਂ ਦੇ ਐਨੇ ਲੋਕ ਬਿਮਾਰ ਕਿਉਂ ਹੋ ਰਹੇ ਹਨ ਅਤੇ ਕਾਲੇ ਪੀਲੀਏ ਅਤੇ ਇੱਥੋਂ ਤੱਕ ਕਿ ਕੈਂਸਰ ਵਰਗੀਆਂ ਬਿਮਾਰੀਆਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ? ਅਸੀਂ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਹ ਇੱਕ ਰਾਸ਼ਟਰੀ ਮੁਸੀਬਤ ਹੈ, ਸਰਕਾਰਾਂ ਨੂੰ ਆਪਸ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ, ਮਾਹਿਰਾਂ ਦੀ ਟੀਮ ਬਣਾਉਣੀ ਚਾਹੀਦੀ ਹੈ, ਜਿਸ ਨੂੰ ਇਸ ਸਮੱਸਿਆ ਨੂੰ ਸਥਾਈ ਤੌਰ ’ਤੇ ਹੱਲ ਕਰਨ ਲਈ ਮਿਸ਼ਨ ਮੋਡ ਵਿੱਚ ਕੰਮ ਕਰਨਾ ਚਾਹੀਦਾ ਹੈ। ਜਦੋਂ ਅਸੀਂ ਲੁਧਿਆਣਾ ਆ ਕੇ ਹਾਲਾਤ ਦੇਖਦੇ ਹਾਂ ਤਾਂ ਸਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਜਿਸ ਨੂੰ ਅਸੀਂ ਪੀਣ ਵਾਲੇ ਪਾਣੀ ਦਾ ਪਵਿੱਤਰ ਸਰੋਤ ਸਮਝਦੇ ਹਾਂ, ਉਸ ਨੂੰ ਉਦਯੋਗਿਕ ਗੰਦੇ ਪਾਣੀ, ਘਰੇਲੂ ਸੀਵਰੇਜ, ਡੇਅਰੀ ਵਲੋਂ ਪ੍ਰਦੂਸ਼ਿਤ ਅਤੇ ਜ਼ਹਿਰੀਲਾ ਕੀਤਾ ਜਾ ਰਿਹਾ ਹੈ। ਬੁੱਢਾ ਦਰਿਆ ਟਾਸਕ ਫੋਰਸ ਦੇ ਸਾਬਕਾ ਮੈਂਬਰ ਕਰਨਲ ਜੇ.ਐਸ. ਗਿੱਲ ਨੇ ਕਿਹਾ ਕਿ ਇਹ ਪ੍ਰੋਜੈਕਟ ਕਿਸੇ ਭਰੋਸੇਯੋਗ ਏਜੰਸੀ ਨੂੰ ਦਿੱਤਾ ਜਾਣਾ ਚਾਹੀਦਾ ਹੈ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਇਸ ਪ੍ਰੋਜੈਕਟ ਤੋਂ ਪੂਰੀ ਤਰ੍ਹਾਂ ਦੂਰ ਰੱਖਣਾ ਚਾਹੀਦਾ ਹੈ, ਕਿਉਂਕਿ ਇਹ ਸਭ ਤੋਂ ਭਿ੍ਰਸ਼ਟ ਸੰਸਥਾ ਹੈ, ਜਿਸ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ। ਨਰੋਆ ਪੰਜਾਬ ਮੰਚ ਅਤੇ ਪੀ.ਏ.ਸੀ. ਮੱਤੇਵਾੜਾ ਦੇ ਇੰਜੀ. ਜਸਕੀਰਤ ਸਿੰਘ ਨੇ ਕਿਹਾ ਕਿ ਇਸ ਮੁੱਦੇ ਨੂੰ ਰਾਜਸਥਾਨ ਦੇ ਲੋਕਾਂ ਦਾ ਵੱਡਾ ਸਮਰਥਨ ਮਿਲਣਾ ਸਾਡੇ ਭਰੋਸੇ ਨੂੰ ਹੁਲਾਰਾ ਦਿੰਦਾ ਹੈ, ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਪੰਜਾਬ ਅਤੇ ਰਾਜਸਥਾਨ ਦੇ ਲੋਕਾਂ ਦੀ ਗੱਲ ਸੁਣੇਗੀ ਕਿ ਬੁੱਢੇ ਦਰਿਆ ਦੀ ਸਮੱਸਿਆ ਨੂੰ ਜੰਗੀ ਪੱਧਰ ’ਤੇ ਹੱਲ ਕੀਤਾ ਜਾਵੇ। ਪੀ.ਏ.ਸੀ. ਦੇ ਡਾ. ਅਮਨਦੀਪ ਸਿੰਘ ਬੈਂਸ ਅਤੇ ਗੁਰਪ੍ਰੀਤ ਸਿੰਘ ਪਲਾਹਾ ਨੇ ਵੀ ਇਸ ਮਿਲਣੀ ’ਚ ਸ਼ਿਰਕਤ ਕੀਤੀ।13 ਐਫਡੀਕੇ : ਕਾਲੇ ਪਾਣੀ ਦੇ ਖਿਲਾਫ ਰੋਸ ਮਾਰਚ ’ਚ ਸ਼ਾਮਲ ਹੋਣ ਦਾ ਐਲਾਨ ਕਰਦੇ ਹੋਏ।
