ਪੈਰਿਸ ਓਲੰਪਿਕ ਖੇਡਾਂ ਵਿੱਚ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ 19 ਖਿਡਾਰੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਜੀ ਨੇ ਅੱਜ ਚੰਡੀਗੜ੍ਹ ਵਿਖੇ ਨਗਦ ਇਨਾਮ ਨਾਲ ਸਨਮਾਨਤ ਕੀਤਾ। ਪੈਰਿਸ ਓਲੰਪਿਕਸ ਵਿੱਚ ਪੰਜਾਬ ਦੇ 19 ਖਿਡਾਰੀਆਂ ਨੇ ਹਿੱਸਾ ਲਿਆ। ਹਾਕੀ ਵਿੱਚ ਕਾਂਸੀ ਦਾ ਮੈਡਲ ਜਿੱਤਣ ਵਾਲੇ ਖਿਡਾਰੀਆਂ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ, ਵਾਈਸ ਕਪਤਾਨ ਹਾਰਦਿਕ ਸਿੰਘ, ਮਨਪ੍ਰੀਤ ਸਿੰਘ, ਮਨਦੀਪ ਸਿੰਘ, ਗੁਰਜੰਟ ਸਿੰਘ, ਸ਼ਮਸ਼ੇਰ ਸਿੰਘ, ਜਰਮਨਪ੍ਰੀਤ ਸਿੰਘ ਤੇ ਸੁਖਜੀਤ ਸਿੰਘ ਨੂੰ 1-1 ਕਰੋੜ ਰੁਪਏ ਪ੍ਰਤੀ ਖਿਡਾਰੀ ਨਗਦ ਇਨਾਮ ਨਾਲ ਸਨਮਾਨਤ ਕੀਤਾ।ਇਸ ਤੋਂ ਇਲਾਵਾ ਓਲੰਪਿਕਸ ਵਿੱਚ ਹਿੱਸਾ ਲੈਣ ਵਾਲੇ ਨਿਸ਼ਾਨੇਬਾਜ਼ੀ ਖਿਡਾਰੀ ਅੰਜੁਮ ਮੌਦਗਿਲ, ਸਿਫ਼ਤ ਕੌਰ ਸਮਰਾ, ਰਾਜੇਸ਼ਵਰੀ ਕੁਮਾਰੀ, ਅਰਜੁਨ ਬਬੂਟਾ, ਅਰਜੁਨ ਸਿੰਘ ਚੀਮਾ ਤੇ ਵਿਜੈਵੀਰ ਸਿੱਧੂ, ਅਥਲੀਟ ਵਿੱਚ ਤੇਜਿੰਦਰ ਪਾਲ ਸਿੰਘ ਤੂਰ ਤੇ ਅਕਸ਼ਦੀਪ ਸਿੰਘ, ਗੌਲ਼ਫਰ ਗਗਨਦੀਪ ਭੁੱਲਰ ਅਤੇ ਹਾਕੀ ਟੀਮ ਨਾਲ ਰਿਜ਼ਰਵ ਖਿਡਾਰੀ ਜੁਗਰਾਜ ਸਿੰਘ ਤੇ ਕ੍ਰਿਸ਼ਨ ਬਹਾਦਰ ਪਾਠਕ ਨੂੰ 15 ਲੱਖ ਰੁਪਏ ਪ੍ਰਤੀ ਖਿਡਾਰੀ ਨਗਦ ਇਨਾਮ ਨਾਲ ਸਨਮਾਨਤ ਕੀਤਾ।ਓਲੰਪਿਕਸ ਵਿੱਚ ਜਾਣ ਤੋਂ ਪਹਿਲਾਂ 19 ਖਿਡਾਰੀਆਂ ਨੂੰ ਨਵੀਂ ਖੇਡ ਨੀਤੀ ਤਹਿਤ ਤਿਆਰੀ ਲਈ 15 ਲੱਖ ਰੁਪਏ ਪ੍ਰਤੀ ਖਿਡਾਰੀ ਦਿੱਤੇ ਗਏ ਸਨ। ਅੱਜ ਦੇ ਸਮਾਗਮ ਵਿੱਚ ਖਿਡਾਰੀਆਂ ਦੀ ਸੰਗਤ ਮਾਣਨ ਦਾ ਮੌਕਾ ਮਿਲਿਆ। ਓਲੰਪਿਕ ਖੇਡਣੀ ਬਹੁਤ ਵੱਡੀ ਗੱਲ ਹੈ। ਚਾਰ ਸਾਲ ਵਿੱਚ ਦੁਨੀਆ ਦੇ 105000 ਖਿਡਾਰੀ ਖੇਡਦੇ ਹਨ ਤੇ ਭਾਰਤ ਦੀ ਹਿੱਸੇਦਾਰੀ 117 ਸੀ। ਇਨ੍ਹਾਂ ਵਿੱਚ ਸ਼ਾਮਲ ਹੋਣਾ ਬਹੁਤ ਵੱਡੀ ਗੱਲ ਹੈ। ਕਈ ਖਿਡਾਰੀ ਮੈਡਲ ਦੇ ਕਰੀਬ ਪੁੱਜੇ। ਹਰ ਖਿਡਾਰੀ ਨੇ ਆਪਣੀ ਪੂਰੀ ਵਾਹ ਲਾਈ। ਇਨ੍ਹਾਂ ਦਾ ਬਣਦਾ ਮਾਣ ਸਤਿਕਾਰ ਦੇਣ ਨਾਲ ਹੀ ਇਨ੍ਹਾਂ ਨੂੰ ਅੱਗੇ ਵਧਣ ਦਾ ਹੌਸਲਾ ਮਿਲਦਾ ਹੈ। ਉਮੀਦ ਕਰਦੇ ਹਾਂ ਕਿ ਚਾਰ ਸਾਲ ਬਾਅਦ 2028 ਵਿੱਚ ਲਾਸ ਏਂਜਲਸ ਵਿਖੇ ਕਾਫ਼ਲਾ ਹੋਰ ਵੱਡਾ ਹੋਵੇਗਾ ਤੇ ਪ੍ਰਦਰਸ਼ਨ ਹੋਰ ਵੀ ਬਿਹਤਰ ਰਹੇਗਾ। ਚਾਰ ਸਾਲ ਖਿਡਾਰੀਆਂ ਦੀ ਹੌਸਲਾ ਅਫਜਾਈ ਕਰੀਏ। ਖੇਡ ਵਿਭਾਗ ਪ੍ਰਬੰਧਾਂ ਲਈ ਵਧਾਈ ਦਾ ਪਾਤਰ ਹੈ ਤੇ ਮੀਡੀਆ ਕਰਮੀ ਦੋਸਤਾਂ ਦਾ ਕਵਰੇਜ਼ ਲਈ ਸ਼ੁਕਰੀਆ।ਅੱਜ ਇੱਕ ਗੱਲ ਦੇਖ ਕੇ ਬਹੁਤ ਖੁਸ਼ੀ ਹੋਈ ਜਿਵੇਂ ਹਰ ਕੋਈ ਸਾਡੇ ਓਲੰਪੀਅਨਾਂ ਦੇ ਆਟੋਗ੍ਰਾਫ ਲੈਣ ਅਤੇ ਤਸਵੀਰਾਂ ਖਿਚਵਾਉਣ ਲਈ ਉਤਾਵਲਾ ਸੀ। ਇਹੋ ਖਿਡਾਰੀਆਂ ਦੀ ਅਸਲ ਖੁਰਾਕ ਹੈ। ਇੰਝ ਹੀ ਖੇਡ ਸੱਭਿਆਚਾਰ ਪੈਦਾ ਹੁੰਦਾ। ਮੇਰੇ ਵਿਭਾਗ ਦੇ ਦੋਸਤਾਂ ਦਾ ਸਾਥ ਲਈ ਸ਼ੁਕਰੀਆ ਜਿਨਾਂ ਦੀਆਂ ਖਿਡਾਰੀਆਂ ਸੰਗ ਤਸਵੀਰਾਂ ਸਾਂਝੀਆਂ ਕਰ ਰਿਹਾ ਹਾਂ @ਨਵਦੀਪ ਸਿੰਘ ਗਿੱਲ