ਹਰਿਦੁਆਰ ਦੇ ਕਲਿਅਰ ‘ਚ B. Com ਦੀ ਵਿਦਿਆਰਥਣ ਨਾਲ ਵਿਆਹ ਤੋਂ ਇਨਕਾਰ ਕਰਨ ‘ਤੇ ਉਸ ਦਾ ਕਤਲ ਕਰਨ ਵਾਲੇ ਦੋਸ਼ੀ ਪ੍ਰੇਮੀ ਗੁਲਵੇਜ਼ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਵੱਲੋਂ ਕਾਜਲ ਦੀ ਪੂਰੀ ਪਹਿਚਾਣ ਦੱਸਣ ਤੋਂ ਪਹਿਲਾਂ ਹੀ ਇੱਕ ਮੁਸਲਮਾਨ ਪ੍ਰੇਮੀ ਦੀਆਂ ਫੋਟੋਆਂ ਸਮੇਤ ਇੱਕ ਹਿੰਦੂ ਲੜਕੀ ਨੂੰ ਮਾਰਨ ਅਤੇ ਲਵ ਜੇਹਾਦ ਵਰਗੇ ਸ਼ਬਦਾਂ ਦੀ ਵਰਤੋਂ ਕਰਨ ਵਾਲੇ ਸੰਦੇਸ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਏ ਅਤੇ ਲੋਕਾਂ ਵੱਲੋਂ ਮਾਮਲੇ ਨੂੰ ਲਵ ਜੇਹਾਦ ਨਾਲ ਜੋੜ ਕੇ ਦਰਸ਼ਾਇਆ ਗਿਆ , ਜਿਸ ਵਿੱਚ ਕਾਜਲ ਦੀ ਪੂਰੀ ਪਛਾਣ ਦਾ ਖੁਲਾਸਾ ਨਹੀਂ ਹੋਇਆ ਸੀ।
ਦੂਜੇ ਪਾਸੇ ਪੁਲਿਸ ਵੱਲੋਂ ਸਾਰੇ ਮਾਮਲੇ ਦਾ ਖੁਲਾਸਾ ਕਰਦੇ ਹੋਏ ਦਾਅਵਾ ਕੀਤਾ ਗਿਆ ਹੈ ਕਿ ਲਵ ਜੇਹਾਦ ਦੀ ਸਾਰੀ ਕਹਾਣੀ ਝੂਠੀ ਹੈ ਅਤੇ ਕਾਜਲ ਨਾਮ ਦੀ ਮ੍ਰਿਤਕ ਲੜਕੀ ਜਿਸ ਨੂੰ ਹਿੰਦੂ ਮੰਨਿਆ ਜਾ ਰਿਹਾ ਹੈ, ਅਸਲ ਵਿੱਚ ਇੱਕ ਮੁਸਲਮਾਨ ਹੈ ਅਤੇ ਉਸਦਾ ਨਾਮ ਰਮਸ਼ਾ ਹੈ, ਜੋ ਕਿ ਮੰਗਲੌਰ ਦੀ ਰਹਿਣ ਵਾਲੀ ਹੈ। ਇੰਨਾ ਹੀ ਨਹੀਂ ਦੋਸ਼ੀ ਗੁਲਵੇਜ਼ ਅਤੇ ਰਮਸ਼ਾ ਦੋਵੇਂ ਦੂਰ ਦੇ ਰਿਸ਼ਤੇਦਾਰ ਵੀ ਹਨ।
ਘਟਨਾ ਦਾ ਖੁਲਾਸਾ ਕਰਦੇ ਹੋਏ ਐਸ ਪੀ ਦੇਹਾਤ ਪਰਮਿੰਦਰ ਡੋਭਾਲ ਨੇ ਕਿਹਾ ਕਿ ਇਸ ਘਟਨਾ ‘ਚ ਲਵ ਜੇਹਾਦ ਦਾ ਕੋਈ ਕੋਣ ਨਹੀਂ ਹੈ। ਕਿਉਂਕਿ ਮ੍ਰਿਤਕ ਰਮਸ਼ਾ ਅਤੇ ਗੁਲਵੇਜ਼ ਦੋਵੇਂ ਇੱਕੋ ਬਰਾਦਰੀ ਨਾਲ ਸਬੰਧਤ ਸਨ ਅਤੇ ਦੋਵੇਂ ਇਕ ਦੂਜੇ ਨੂੰ ਕਾਫ਼ੀ ਸਮੇਂ ਤੋਂ ਜਾਣਦੇ ਸਨ। ਦੂਜੇ ਪਾਸੇ ਗੁਲਵੇਜ਼ ਨੇ ਕਲਿਅਰ ਦੇ ਹੋਟਲ ‘ਚ ਰੁਕਣ ਦੌਰਾਨ ਕਾਜਲ ਨਾਂ ਦੀ ਲੜਕੀ ਦੀ ਫਰਜ਼ੀ ਆਈ.ਡੀ. ਦਿੱਤੀ ਸੀ। ਪਰ ਇਸ ਫਰਜ਼ੀ ਆਈਡੀ ‘ਚ ਵੀ ਕਾਜਲ ਦੇ ਪਿਤਾ ਦਾ ਨਾਂ ਮੁਸਲਮਾਨ ਦਿਖਾਇਆ ਗਿਆ ਹੈ। ਇਸ ਦੇ ਨਾਲ ਹੀ ਇਸ ਫਰਜ਼ੀ ਆਈਡੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ।