ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਤੇ ਉਨ੍ਹਾਂ ਦੀ ਭੈਣ ਪ੍ਰਿਯੰਕਾ ਗਾਂਧੀ ਅੱਜ ਸਾਰੇ ਅੜਿੱਕਿਆਂ ਨੂੰ ਪਾਰ ਕਰਦਿਆਂ ਲਖੀਮਪੁਰ ਖੀਰੀ ਹਿੰਸਾ ਦੌਰਾਨ ਮਾਰੇ ਗੲੇ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਵਿੱਚ ਸਫ਼ਲ ਰਹੇ। ਰਾਹੁਲ ਤੇ ਪ੍ਰਿਯੰਕਾ ਰਾਤ 9 ਵਜੇ ਦੇ ਕਰੀਬ ਪਾਲੀਆ ਦੇ ਚੌਖੜਾ ਫਾਰਮ ਵਿੱਚ ਪੀੜਤ ਕਿਸਾਨ ਲਵਪ੍ਰੀਤ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇ। ਲਖੀਮਪੁਰ ਖੀਰੀ ਪੁੱਜਣ ਤੋਂ ਪਹਿਲਾਂ ਉਹ ਰਸਤੇ ਵਿੱਚ ਪੱਤਰਕਾਰ ਰਮਨ ਕਸ਼ਯਪ ਦੇ ਪਰਿਵਾਰ ਨੂੰ ਵੀ ਮਿਲੇ। ਇਸ ਮੌਕੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਰਾਜ ਸਭਾ ਮੈਂਬਰ ਦੀਪੇਂਦਰ ਸਿੰਘ ਹੁੱਡਾ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।
ਕਾਂਗਰਸੀ ਆਗੂਆਂ ਦੀ ਇਸ ਫੇਰੀ ਦੌਰਾਨ ਸੀਤਾਪੁਰ ਤੋਂ ਲਖੀਮਪੁਰ ਖੀਰੀ ਸੜਕ ’ਤੇ ਥਾਂ ਥਾਂ ਬੈਰੀਕੇਡਿੰਗ ਕੀਤੀ ਗਈ ਸੀ। ਲਖੀਮਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ ਕਾਫ਼ਲੇ ਦੇ ਸੱਤ ਵਾਹਨਾਂ ਨੂੰ ਹੀ ਜ਼ਿਲ੍ਹੇ ਵਿੱਚ ਦਾਖ਼ਲੇ ਦੀ ਇਜਾਜ਼ਤ ਦਿੱਤੀ। ਰਾਜਸਥਾਨ ਦੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਤੇ ਕਾਂਗਰਸ ਆਗੂ ਅਚਾਰੀਆ ਪ੍ਰਮੋਦ ਕ੍ਰਿਸ਼ਨਨ ਪੀੜਤ ਪਰਿਵਾਰਾਂ ਨਾਲ ਦੁੱਖ ਨਹੀਂ ਵੰਡਾ ਸਕੇ ਕਿਉਂਕਿ ਉਨ੍ਹਾਂ ਨੂੰ ਮੁਰਾਦਾਬਾਦ ਵਿੱਚ ਹੀ ਹਿਰਾਸਤ ’ਚ ਲੈ ਲਿਆ ਗਿਆ। ਇਸ ਤੋਂ ਪਹਿਲਾਂ ਅੱਜ ਦਿਨੇ ‘ਆਪ’ ਦੇ ਸੰਸਦ ਮੈਂਬਰ ਸੰਜੈ ਸਿੰਘ ਨੇ ਵੀ ਲਖੀਮਪੁਰ ਵਿੱਚ ਪੀੜਤ ਕਿਸਾਨ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਤੇ ਬਸਪਾ ਦੇ ਜਨਰਲ ਸਕੱਤਰ ਸਤੀਸ਼ ਚੰਦਰ ਮਿਸ਼ਰਾ ਭਲਕੇ ਲਖੀਮਪੁਰ ਆਉਣਗੇ।
ਇਸ ਤੋ ਪਹਿਲਾਂ ਕਾਂਗਰਸ ਆਗੂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਅੱਜ ਸ਼ਾਮੀਂ ਸੀਤਾਪੁਰ ਦੇ ਪੀਏਸੀ ਗੈਸਟ ਹਾਊਸ ਤੋਂਂ ਲਖੀਮਪੁਰ ਖੀਰੀ ਲਈ ਰਵਾਨਾ ਹੋਏ। ਪ੍ਰਿਯੰਕਾ ਨੂੰ ਇਸੇ ਗੈਸਟ ਹਾਊਸ ਵਿੱਚ ਸੋਮਵਾਰ ਸਵੇਰ ਤੋਂ ਹਿਰਾਸਤ ਵਿੱਚ ਰੱਖਿਆ ਗਿਆ ਸੀ। ਸੀਤਾਪੁਰ ਦੇ ਸਬ-ਡਿਵੀਜ਼ਨਲ ਮੈਜਿਸਟਰੇਟ (ਸਦਰ) ਪਿਆਰੇਲਾਲ ਮੌਰੀਆ ਨੇ ਕਿਹਾ ਕਿ ਪ੍ਰਿਯੰਕਾ ਗਾਂਧੀ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਲਖੀਮਪੁਰ ਖੀਰੀ ਰਵਾਨਾ ਹੋਏ ਵਾਹਨਾਂ ਵਿੱਚੋਂ ਇਕ ਵਿੱਚ ਰਾਹੁਲ ਤੇ ਪ੍ਰਿਯੰਕਾ ਜਦੋਂਕਿ ਦੂਜੇ ਵਿੱਚ ਕਾਂਗਰਸ ਆਗੂ ਰਣਦੀਪ ਸੁਰਜੇਵਾਲਾ ਤੇ ਦੀਪੇਂਦਰ ਹੁੱਡਾ ਸਵਾਰ ਸਨ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਛੱਤੀਸਗੜ੍ਹ ਦੇ ਉਨ੍ਹਾਂ ਦੇ ਹਮਰੁਤਬਾ ਭੁਪੇਸ਼ ਬਘੇਲ ਇਕ ਹੋਰ ਵਾਹਨ ਵਿੱਚ ਸਨ।
ਕਾਂਗਰਸੀ ਆਗੂ ਸਭ ਤੋਂ ਪਹਿਲਾਂ ਲਖੀਮਪੁਰ ਜ਼ਿਲ੍ਹੇ ਦੇ ਨਿਗਹਾਸ਼ਨ ਵਿੱਚ ਰੁਕੇ, ਜੋ ਕਿ ਪੱਤਰਕਾਰ ਰਮਨ ਕਸ਼ਯਪ ਦਾ ਜੱਦੀ ਪਿੰਡ ਹੈ। ਕਸ਼ਯਪ ਦੀ ਲਖੀਮਪੁਰ ਖੀਰੀ ਹਿੰਸਾ ਦੌਰਾਨ ਮੌਤ ਹੋ ਗਈ ਸੀ। ਨਿਗਹਾਸ਼ਨ ਤੋਂ ਸੀਤਾਪੁਰ ਦਾ ਫ਼ਾਸਲਾ 100 ਕਿਲੋਮੀਟਰ ਦਾ ਹੈ। ਲਖਨਊ ਤੋਂ ਸੀਤਾਪੁਰ ਲਈ ਰਵਾਨਾ ਹੋਣ ਤੋਂ ਪਹਿਲਾਂ ਰਾਹੁਲ ਗਾਂਧੀ ਨੂੰ ਚੌਧਰੀ ਚਰਨ ਸਿੰਘ ਹਵਾਈ ਅੱਡੇ ’ਤੇ ਵੀ ਖੱਜਲ ਖੁਆਰ ਹੋਣਾ ਪਿਆ। ਅੱਜ ਦੁਪਹਿਰ ਵੇਲੇ ਦਿੱਲੀ ਤੋਂ ਲਖਨਊ ਪੁੱਜੇ ਕਾਂਗਰਸੀ ਆਗੂ ਨੂੰ ਪਹਿਲਾਂ ਪੁਲੀਸ ਵਾਹਨ ਵਿੱਚ ਸਫ਼ਰ ਕਰਨ ਲਈ ਆਖਿਆ ਗਿਆ, ਪਰ ਰਾਹੁਲ ਗਾਂਧੀ ਨੇ ਅਜਿਹਾ ਕਰਨ ਤੋਂ ਇਨਕਾਰ ਕਰਦਿਆਂ ਉਥੇ ਧਰਨਾ ਲਾ ਦਿੱਤਾ।
ਰਾਹੁਲ ਨਾਲ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ.ਵੇਣੂਗੋਪਾਲ ਤੇ ਰਣਦੀਪ ਸੁਰਜੇਵਾਲਾ ਮੌਜੂਦ ਸਨ। ਇਥੇ ਚੌਧਰੀ ਚਰਨ ਸਿੰਘ ਹਵਾਈ ਅੱਡੇ ’ਤੇ ਪੁੱਜਦੇ ਹੀ ਸੀਆਰਪੀਐੱਫ ਦੇ ਅਮਲੇ ਨੇ ਰਾਹੁਲ ਗਾਂਧੀ ਨੂੰ ਹਵਾਈ ਅੱਡੇ ਤੋਂ ਬਾਹਰ ਜਾਣ ਤੋਂ ਰੋਕ ਦਿੱਤਾ। ਵਿਰੋਧੀ ਧਿਰ ਦੇ ਆਗੂਆਂ ਨੂੰ ਲਖੀਮਪੁਰ ਖੀਰੀ ਜਾਣ ਲਈ ਸਰਕਾਰ ਦੀ ਲੋੜੀਂਦੀ ਪ੍ਰਵਾਨਗੀ ਦੇ ਬਾਵਜੂਦ ਰਾਹੁਲ ਗਾਂਧੀ ਨੂੰ ਰੋਕਿਆ ਗਿਆ। ਸੁਰੱਖਿਆ ਅਮਲੇ ਵੱਲੋਂ ਬਣਾਈ ਮਨੁੱਖੀ ਲੜੀ ’ਚ ਘਿਰੇ ਰਾਹੁਲ ਗਾਂਧੀ ਨੇ ਕਿਹਾ, ‘‘ਵੇਖੋ ਕੀ ਇਹ ਪ੍ਰਵਾਨਗੀ ਹੁੰਦੀ ਹੈ।
ਇਹ ਯੂਪੀ ਸਰਕਾਰ ਦੀ ਰਜ਼ਾਮੰਦੀ ਹੈ।’ ਰਾਹੁਲ ਨੇ ਸਰਕਾਰ ਨੂੰ ਸਵਾਲ ਕੀਤਾ, ‘‘ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਮੈਂ ਇਸ ਦੇਸ਼ ਦਾ ਨਾਗਰਿਕ ਹਾਂ ਤੇ ਯੂਪੀ ਆਇਆ ਹਾਂ ਤੇ ਲਖੀਮਪੁਰ ਖੀਰੀ ਜਾਣਾ ਚਾਹੁੰਦਾ ਹਾਂ। ਮੈਨੂੰ ਜਾਣ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਜਾ ਰਹੀ।’’ ਰਾਹੁਲ ਨੇ ਉਥੇ ਮੌਜੂਦ ਪੱਤਰਕਾਰਾਂ ਨੂੰ ਸਵਾਲ ਕੀਤਾ, ‘‘ਯਕੀਨੀ ਤੌਰ ’ਤੇ ਕੋਈ ਤਾਂ ਸ਼ਰਾਰਤ ਹੈ।’’ ਹਵਾਈ ਅੱਡੇ ਤੋਂ ਬਾਹਰ ਜਾਣ ਲਈ ਰਾਹਦਾਰੀ ਨਾ ਮਿਲਦੀ ਵੇਖ ਰਾਹੁਲ ਗਾਂਧੀ ਚੰਨੀ, ਬਘੇਲ ਤੇ ਦੀਪੇਂਦਰ ਸਿੰਘ ਹੁੱਡਾ ਨਾਲ ਉਥੇ ਹੀ ਧਰਨੇ ’ਤੇ ਬੈਠ ਗਏ। ਹਾਲਾਂਕਿ ਮਗਰੋਂ ਇਨ੍ਹਾਂ ਸਾਰਿਆਂ ਨੂੰ ਸੀਤਾਪੁਰ ਜਾਣ ਦੀ ਪ੍ਰਵਾਨਗੀ ਦੇ ਦਿੱਤੀ ਗਈ।
ਕਾਬਿਲੇਗੌਰ ਹੈ ਕਿ ਅੱਜ ਦਿਨੇ ਯੋਗੀ ਸਰਕਾਰ ਨੇ ਇਕ ਵਾਰ ਤਾਂ ਰਾਹੁਲ ਗਾਂਧੀ ਨੂੰ ਇਸ ਫੇਰੀ ਲਈ ਹਰੀ ਝੰਡੀ ਦੇਣ ਤੋਂ ਨਾਂਹ ਕਰ ਦਿੱਤੀ ਸੀ, ਪਰ ਸੂਬਾ ਸਰਕਾਰ ਨੇ ਮਗਰੋਂ ਰਾਹੁਲ, ਪ੍ਰਿਯੰਕਾ ਗਾਂਧੀ ਵਾਡਰਾ ਤੇ ਤਿੰਨ ਹੋਰਨਾਂ ਕਾਂਗਰਸੀ ਆਗੂਆਂ ਨੂੰ ਫੇਰੀ ਲਈ ਪ੍ਰਵਾਨਗੀ ਦੇ ਦਿੱਤੀ। ਵਧੀਕ ਮੁੱਖ ਸਕੱਤਰ (ਸੂਚਨਾ) ਨਵਨੀਤ ਸਹਿਗਲ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਸਮੇਤ ਕਾਂਗਰਸ ਦੇ ਕੁੱਲ ਪੰਜ ਆਗੂਆਂ ਨੂੰ ਲਖੀਮਪੁਰ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ।