ਅਮਰੀਕਾ : ਅਮਰੀਕਾ ਨੇ ਹਰ ਉਸ ਦੇਸ਼ ਨੂੰ ਕਿਹਾ ਹੈ, ਜਿਸ ਦੇ ਰੂਸ ਨਾਲ ਸਬੰਧ ਹਨ, ਉਹ ਨਿਯਮ ਆਧਾਰਿਤ ਅੰਤਰਰਾਸ਼ਟਰੀ ਵਿਵਸਥਾ ਦੀ ਰੱਖਿਆ ਲਈ ਆਪਣੇ ਪ੍ਰਭਾਵ ਦੀ ਵਰਤੋਂ ਕਰਨ। ਅਮਰੀਕੀ ਪ੍ਰਸ਼ਾਸਨ ਨੇ ਕਿਹਾ ਕਿ ਭਾਰਤ ਦੇ ਰੂਸ ਨਾਲ ਸਬੰਧ ਅਮਰੀਕਾ-ਰੂਸ ਸਬੰਧਾਂ ਤੋਂ ਵੱਖਰੇ ਹਨ ਅਤੇ ਇਸ ਬਾਰੇ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ।
ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਕਿਹਾ ਹੈ ਕਿ ਭਾਰਤ ਨਾਲ ਅਮਰੀਕਾ ਦੇ ਮਹੱਤਵਪੂਰਨ ਹਿੱਤ ਜੁੜੇ ਹੋਏ ਹਨ। ਓਹਨਾਂ ਨੇ ਕਿਹਾ ਕਿ, “ਭਾਰਤ ਨਾਲ ਸਾਡੇ ਅਹਿਮ ਹਿੱਤ ਦਾਅ ‘ਤੇ ਹਨ। ਅਸੀਂ ਭਾਰਤ ਨਾਲ ਮਹੱਤਵਪੂਰਨ ਕਦਰਾਂ ਕੀਮਤਾਂ ਨੂੰ ਸਾਂਝਾ ਕਰਦੇ ਹਾਂ, ਅਤੇ ਅਸੀਂ ਜਾਣਦੇ ਹਾਂ ਕਿ ਰੂਸ ਨਾਲ ਭਾਰਤ ਦਾ ਰਿਸ਼ਤਾ ਸਾਡੇ ਰਿਸ਼ਤੇ ਨਾਲੋਂ ਵੱਖਰਾ ਹੈ, ਅਤੇ ਇਸ ਵਿੱਚ ਅਸਲ ਵਿੱਚ ਕੋਈ ਸਮੱਸਿਆ ਨਹੀਂ ਹੈ।” ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ, ”ਭਾਰਤ ਦੇ ਰੂਸ ਨਾਲ ਮਜ਼ਬੂਤ ਸਬੰਧ ਹਨ, ਜੋ ਸਾਡੇ ਨਿਸ਼ਚਿਤ ਤੌਰ ‘ਤੇ ਨਹੀਂ ਹਨ।
ਜ਼ਿਕਰਯੋਗ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪੂਰਬੀ ਯੂਕਰੇਨ ‘ਚ ਵਿਸ਼ੇਸ਼ ਫੌਜੀ ਕਾਰਵਾਈ ਦਾ ਐਲਾਨ ਕੀਤਾ ਸੀ ਅਤੇ ਉਦੋਂ ਤੋਂ ਦੋਹਾਂ ਦੇਸ਼ਾਂ ਵਿਚਾਲੇ ਇਕ ਦੂਜੇ ਉੱਤੇ ਹਮਲੇ ਜਾਰੀ ਹਨ।ਇਹਨਾਂ ਹਮਲਿਆਂ ਲਈ ਰੂਸ ਦੀ ਆਲੋਚਨਾ ਹੋ ਰਹੀ ਹੈ ਅਤੇ ਅਮਰੀਕਾ ਸਮੇਤ ਕਈ ਦੇਸ਼ਾਂ ਨੇ ਰੂਸ ‘ਤੇ ਪਾਬੰਦੀਆਂ ਲਗਾ ਦਿੱਤੀਆਂ ਹਨ। ਨੇਡ ਪ੍ਰਾਈਸ ਨੇ ਆਖਿਆ ਕਿ ਭਾਰਤ ਨਾਲ ਅਮਰੀਕਾ ਦੀ ਵਿਆਪਕ ਰਣਨੀਤਕ ਭਾਈਵਾਲੀ ਹੈ।