ਕੋਟਕਪੂਰਾ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਗਊ ਦੀ ਪੂਛ ਨਾਲ ਪੱਗ ਛੁਹਾਉਣ ਤੇ ਅਸ਼ੀਰਵਾਦ ਲੈਣ ਤੋਂ ਪੈਦਾ ਹੋਏ ਵਿਵਾਦ ਤੇ ਸਿੱਖ ਜਗਤ ਤੋਂ ਮਾਫ਼ੀ ਮੰਗੀ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਇਸ ਮਾਫ਼ੀਨਾਮੇ ਵਿੱਚ ਉਨ੍ਹਾਂ ਜਥੇਦਾਰ ਅਕਾਲ ਤਖ਼ਤ ਨੂੰ ਲਿਖੇ ਇਕ ਖ਼ਤ ਵਿਚ ਕਿਹਾ ਹੈ ਕਿ “ਪੰਥ ਬਖ਼ਸ਼ਣਹਾਰ ਹੈ, ਮੈਨੂੰ ਨਿਗੂਣੇ ਨੂੰ ਬਖ਼ਸ਼ਣ ਦੀ ਕਿਰਪਾਲਤਾ ਕਰੋ।”
ਸੰਧਵਾ ਮਾਫ਼ੀ ਮੰਗਣ ਲਈ ਦਰਬਾਰ ਸਾਹਿਬ ਨਤਮਸਤਕ ਹੋਏ । ਉਨ੍ਹਾਂ ਨੇ ਆਪਣੇ ਫੇਸਬੁਕ ਅਕਾਊਂਟ ‘ਤੇ ਇਕ ਫ਼ੋਟੋ ਸਮੇਤ ਪੋਸਟ ਪਾਈ ਅਤੇ ਇਕ ਸਲੋਕ ਲਿਖਿਆ ਕਿ
ਲੇਖੈ ਕਤਹਿ ਨ ਛੂਟੀਐ ਖਿਨੁ ਖਿਨੁ ਭੂਲਨਹਾਰ।।
ਬਖਸਨਹਾਰ ਬਖਸਿ ਲੈ ਨਾਨਕ ਪਾਰਿ ਉਤਾਰ।।੧।।
ਬੀਤੇ ਦਿਨੀਂ ਉਹ ਬਠਿੰਡਾ ਦੇ ਸਿਰਕੀ ਬਾਜ਼ਾਰ ਵਿਚਲੀ ਗਊਸ਼ਾਲਾ ਵਿਖੇ ਕਪਿਲਾ ਗਾਂ ਦੀ ਪੂਜਾ ਕਰਨ ਲਈ ਪਹੁੰਚੇ ਸੀ।ਇਸ ਮੌਕੇ ਸੰਧਵਾਂ ਨੇ ਕਪਿਲਾ ਗਾਂ ਦੀ ਵਿਸ਼ੇਸ਼ ਤੌਰ ’ਤੇ ਪੂਜਾ ਕੀਤੀ ਅਤੇ ਬਹੁਤ ਸਾਰੇ ਗਊ ਭਗਤ ਵੀ ਇਸ ਮੌਕੇ ਸ਼ਾਮਲ ਸਨ।
ਗਊ ਸੇਵਕਾਂ ਨੇ ਪੂਜਾ ਦੌਰਾਨ ਸੰਧਵਾਂ ਨੂੰ ਗਊ ਦਾ ਅਸ਼ੀਰਵਾਦ ਦਵਾਇਆ ਅਤੇ ਉਨ੍ਹਾਂ ਦੀ ਪੱਗ ’ਤੇ ਪੂਛ ਫੇਰੀ ਜਿਸ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਹੈ। ਸਿੱਖ ਸੰਗਤ ਵਿੱਚ ਰੋਸ਼ ਨੂੰ ਦੇਖਦੇ ਹੋਏ ਸੰਧਵਾਂ ਨੇ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਕੇ ਲਿਖਤੀ ਤੌਰ ਉਤੇ ਸੰਗਤ ਅਤੇ ਗੁਰੂ ਸਾਹਿਬ ਤੋਂ ਮਾਫ਼ੀ ਮੰਗੀ ।