ਪੱਛਮੀ ਉੱਤਰ ਪ੍ਰਦੇਸ਼ ਦੇ ਪਿੰਡਾਂ ‘ਚ ਭਾਜਪਾ ਉਮੀਦਵਾਰਾਂ ਨੂੰ ਕਾਲੇ ਝੰਡੇ ਦਿਖਾਉਣ, ਉਨ੍ਹਾਂ ‘ਤੇ ਪੱਥਰ ਸੁੱਟਣ ਅਤੇ ਚਿੱਕੜ ਸੁੱਟਣ ਦੇ ਦਰਜਨ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਉੱਤਰ ਪ੍ਰਦੇਸ਼ ਦੇ ਇਸ ਖੇਤਰ ਵਿੱਚ 10 ਅਤੇ 14 ਫਰਵਰੀ ਨੂੰ ਵੋਟਾਂ ਪੈਣੀਆਂ ਹਨ। ਇਸ ਦੇ ਲਈ ਸਾਰੀਆਂ ਪਾਰਟੀਆਂ ਚੋਣ ਪ੍ਰਚਾਰ ‘ਚ ਰੁੱਝੀਆਂ ਹੋਈਆਂ ਹਨ।
ਅੰਗਰੇਜ਼ੀ ਅਖਬਾਰ ‘ਦਿ ਇੰਡੀਅਨ ਐਕਸਪ੍ਰੈਸ’ ‘ਚ ਛਪੀ ਖਬਰ ਮੁਤਾਬਕ 24 ਜਨਵਰੀ ਨੂੰ ਇਕ ਮਾਮਲੇ ‘ਚ ਭਾਜਪਾ ਦੇ ਸਿਵਾਲਖਾਸ ਉਮੀਦਵਾਰ ਮਨਿੰਦਰਪਾਲ ਸਿੰਘ ‘ਤੇ ਚੂੜ ਪਿੰਡ ‘ਚ ਹਮਲਾ ਹੋਇਆ ਸੀ। ਇਸ ਮਾਮਲੇ ‘ਚ 20 ਲੋਕਾਂ ਅਤੇ 65 ਅਣਪਛਾਤੇ ਵਿਅਕਤੀਆਂ ਖਿਲਾਫ ਐੱਫ.ਆਈ.ਆਰ. ਕੀਤੀ ਗਈ ਹੈ।
ਮਨਿੰਦਰ ਪਾਲ ਸਿੰਘ ਦੇ ਹਵਾਲੇ ਨਾਲ ਅਖਬਾਰ ਨੇ ਕਿਹਾ, “ਮੈਂ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ। ਹਾਲਾਂਕਿ ਪੱਥਰਬਾਜ਼ੀ ਕਾਰਨ ਮੇਰੇ ਨਾਲ ਸਫਰ ਕਰ ਰਹੀਆਂ ਸੱਤ ਕਾਰਾਂ ਨੁਕਸਾਨੀਆਂ ਗਈਆਂ ਹਨ। ਇਹ ਸਾਡੇ ਲੋਕ ਹਨ, ਮੈਂ ਇਨ੍ਹਾਂ ਨੂੰ ਮੁਆਫ ਕਰ ਦਿੱਤਾ ਹੈ। ਲੋਕਤੰਤਰ ਵਿੱਚ ਅਜਿਹੀ ਘਟਨਾ ਨਹੀਂ ਹੋਣੀ ਚਾਹੀਦੀ ਹੈ। ਵੋਟ ਮੰਗਣ ਵਾਲੇ ਨਾਲ ਅਜਿਹਾ ਨਹੀਂ ਹੋਣਾ ਚਾਹੀਦਾ” ।
ਅਖਬਾਰ ਲਿਖਦਾ ਹੈ ਕਿ ਦਰਜ ਐਫਆਈਆਰ ਮੁਤਾਬਕ ਪੱਥਰਬਾਜ਼ ਰਾਸ਼ਟਰੀ ਲੋਕ ਦਲ ਦੇ ਝੰਡੇ ਲੈ ਕੇ ਜਾ ਰਹੇ ਸਨ, ਉਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ।