ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਿਸ਼ਵਤਖੋਰੀ ਨੂੰ ਰੋਕਣ ਲਈ ਅੱਜ ਇਕ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ। ਨੰਬਰ ਜਾਰੀ ਹੋਣ ਦੇ ਕੁਝ ਘੰਟਿਆਂ ਬਾਅਦ ਹੀ ਇਸ ਉਤੇ ਪਹਿਲੀ ਸ਼ਿਕਾਇਤ ਬਠਿੰਡਾ ਤੋਂ ਮਿਲੀ ਹੈ।ਬਠਿੰਡਾ ਦੀ ਗਊਸ਼ਾਲਾ ਨੂੰ ਦਾਨ ਕੀਤੀ ਜ਼ਮੀਨ ਦੀ ਵਸੀਅਤ ਕਰਵਾਉਣ ਲਈ 3000 ਰੁਪਏ ਦੀ ਰਿਸ਼ਵਤ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੀ ਸ਼ਿਕਾਇਤ ਸਾਧੂ ਰਾਮ ਕੁਸਲਾ ਜਨਰਲ ਸਕੱਤਰ ਗਊਸ਼ਾਲਾ ਵੱਲੋਂ ਸਬੂਤਾਂ ਸਮੇਤ ਮੁੱਖ ਮੰਤਰੀ ਨੂੰ ਸਾਂਝੀ ਕੀਤੀ ਗਈ ਹੈ।ਇਹ ਸ਼ਿਕਾਇਤ ਜਗਤਾਰ ਸਿੰਘ ਨਾਇਬ ਤਹਿਸੀਲਦਾਰ ਤਲਵੰਡੀ ਸਾਬੋ ਦੇ ਖਿਲਾਫ ਹੈ, ਜਿਸ ਵਿਚ ਕੱਚੀ ਪਰਚੀ ‘ਤੇ 3000 ਹਜ਼ਾਰ ਰਿਸ਼ਵਤ ਦਾ ਜ਼ਿਕਰ ਹੈ।
ਅੱਜ 23 ਮਾਰਚ ਸ਼ਹੀਦੀ ਦਿਹਾੜੇ ਉੱਤੇ ਮੁੱਖ ਮੰਤਰੀ ਨੇ ਆਪਣਾ ਵਾਅਦਾ ਪੂਰਾ ਕਰਦੇ ਹੋਏ ਸੀਐਮ ਹੈਲਪਲਾਈਨ 9501 200 200 ਨੰਬਰ ਜਾਰੀ ਕੀਤਾ ਹੈ। ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਸੀਐੱਮ ਮਾਨ ਨੇ ਇਹ ਨੰਬਰ ਜਾਰੀ ਕੀਤਾ ਹੈ। ਇਸ ਨੰਬਰ ਉੱਤੇ ਕੋਈ ਵੀ ਵਿਅਕਤੀ ਭ੍ਰਿਸ਼ਟਾਚਾਰ ਦੀ ਵੀਡੀਓ ਤੇ ਆਡੀਓ ਭੇਜ ਸਕਦਾ ਹੈ।
ਸੀ ਐਮ ਮਾਨ ਅਨੁਸਾਰ ਇਹ ਨੰਬਰ ਖੁਦ ਓਹਨਾਂ ਦਾ ਨਿੱਜੀ ਨੰਬਰ ਹੈ। ਇਸ ਨੰਬਰ ਉੱਤੇ ਮਿਲਣ ਵਾਲੀ ਸ਼ਿਕਾਇਤ ਉੱਤੇ ਤੁਰੰਤ ਕਾਰਵਾਈ ਹੋਵੇਗੀ। ਸੀ ਐਮ ਮਾਨ ਮੁਤਾਬਿਕ ਇਸ ਵਟਸਐਪ ਨੰਬਰ ਤੇ ਮਿਲਣ ਵਾਲੀ ਸਬੂਤ ਦੀ ਪੂਰੀ ਜਾਂਚ ਪੜਤਾਲ ਕੀਤੀ ਜਾਵੇਗੀ। ਜੇਕਰ ਕੋਈ ਵੀ ਅਧਿਕਾਰੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਓਹਨਾਂ ਕਿਹਾ ਕਿ ਜੇਕਰ ਕੋਈ ਅਧਿਕਾਰੀ ਜਾਂ ਵਿਧਾਇਕ ਜਾਂ ਮੰਤਰੀ ਵੀ ਇਸ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਮਾਨ ਨੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਨਵੇਂ ਪੰਜਾਬ ਲਈ ਜਲਦੀ ਹੀ ਨਵੇਂ ਐਲਾਨ ਕੀਤੇ ਜਾਣਗੇ।ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦੀ ਦਿਵਸ ਮੌਕੇ ਹੂਸੈਨੀਵਾਲ ਤੇ ਖਟਕੜ ਕਲਾਂ ਵਿਖੇ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ “ਅਸੀਂ ਅੱਜ ਇੱਕ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ਸ਼ੁਰੂ ਕਰ ਰਹੇ ਹਾਂ ਜਿੱਥੇ ਤੁਸੀਂ ਸ਼ਿਕਾਇਤ ਦਰਜ ਕਰਵਾ ਸਕਦੇ ਹੋ ਅਤੇ ਅਸੀਂ ਇਸ ‘ਤੇ ਕਾਰਵਾਈ ਕਰਾਂਗੇ।”
ਪਿਛਲੇ ਦਿਨੀਂ ਮੁੱਖ ਮੰਤਰੀ ਨੇ ਕਿਹਾ ਸੀ ਕਿ ਇਸ ਹੈਲਪਲਾਈਨ ਰਾਹੀਂ ਲੋਕ ਓਹਨਾਂ ਲੋਕਾਂ ਦੀ ਵੀਡੀਓ ਸਾਨੂੰ ਭੇਜ ਸਕਣਗੇ, ਜੋ ਰਿਸ਼ਵਤ ਮੰਗ ਰਹੇ ਹਨ ਜਾਂ ਹੋਰ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹਨ। ਓਹਨਾਂ ਕਿਹਾ ਸੀ ਕਿ ਇਹ ਉਹਨਾਂ ਦਾ “ਨਿੱਜੀ ਹੈਲਪਲਾਈਨ ਨੰਬਰ” ਹੋਵੇਗਾ।