ਉੱਤਰਾਖੰਡ। ਕੋਰੋਨਾ ਲੌਕਡਾਊਨ ਦੇ 2 ਸਾਲ ਬਾਅਦ 22 ਮਈ ਨੂੰ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਦੇ ਦਰਵਾਜ਼ੇ ਖੋਲ੍ਹੇ ਜਾਣਗੇ । ਜਿਸ ਵਿੱਚ ਸਿੱਖ ਸ਼ਰਧਾਲੂਆਂ ਦਾ ਪਹਿਲਾ ਜੱਥਾ 19 ਮਈ ਨੂੰ ਰਿਸ਼ੀਕੇਸ਼ ਦੇ ਲਕਸ਼ਮਣਝੁਲਾ ਰੋਡ ਸਥਿਤ ਗੁਰਦੁਆਰਾ ਸਾਹਿਬ ਤੋਂ ਸ਼੍ਰੀ ਹੇਮਕੁੰਟ ਸਾਹਿਬ ਲਈ ਰਵਾਨਾ ਹੋਵੇਗਾ। ਰਾਜਪਾਲ ਇਸ ਜੱਥੇ ਨੂੰ ਭੇਜਣਗੇ। ਗੁਰਦੁਆਰਾ ਪ੍ਰਬੰਧਕ ਟਰੱਸਟ ਦੇ ਮੈਨੇਜਰ ਸਰਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪੰਜਾਬ ਸਮੇਤ ਹੋਰ ਰਾਜਾਂ ਤੋਂ ਸ਼ਰਧਾਲੂ ਇੱਥੇ ਪੁੱਜਣਗੇ।
18 ਮਈ ਤੋਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਨਤਮਸਤਕ ਹੋਣ ਲਈ ਸਿੱਖ ਸੰਗਤਾਂ ਇਥੇ ਪੁੱਜਣੀਆਂ ਸ਼ੁਰੂ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਦੋ ਸਾਲਾਂ ਤੋਂ ਕਰੋਨਾ ਕਾਰਨ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਮੁਲਤਵੀ ਕਰ ਦਿੱਤੀ ਗਈ ਸੀ। ਇਸ ਸਾਲ ਵੱਡੀ ਗਿਣਤੀ ਚ ਯਾਤਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਆਉਣਗੇ। ਟਰੱਸਟ ਵੱਲੋਂ ਆਉਣ ਵਾਲੇ ਯਾਤਰੀਆਂ ਦੀ ਗਿਣਤੀ ਦਾ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਇਸੇ ਅੰਦਾਜ਼ੇ ਨੂੰ ਦੇਖਦਿਆਂ ਇੱਥੋਂ ਦੇ ਲਕਸ਼ਮਣਝੂਲਾ ਸਥਿਤ ਗੁਰਦੁਆਰਾ ਸਾਹਿਬ ਵਿੱਚ ਯਾਤਰੀਆਂ ਦੇ ਠਹਿਰਣ ਅਤੇ ਖਾਣ-ਪੀਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਬਾਹਰਲੇ ਰਾਜਾਂ ਤੋਂ ਵੀ ਸ਼ਰਧਾਲੂ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਬਾਰੇ ਲਗਾਤਾਰ ਜਾਣਕਾਰੀ ਲੈ ਰਹੇ ਹਨ।