ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਇੱਕ ਹੀ ਦਿਨ ਵਿੱਚ ਦੋ ਝਟਕੇ ਲੱਗੇ ਹਨ। ਯੋਗੀ ਸਰਕਾਰ ਵਿਚ ਮੰਤਰੀ ਸਵਾਮੀ ਪ੍ਰਸਾਦ ਮੌਰਿਆ ਨੇ ਅਸਤੀਫਾ ਦੇ ਦਿੱਤਾ ਅਤੇ ਸਮਾਜਵਾਦੀ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਤੋਂ ਬਾਅਦ ਬਾਂਦਾ ਦੀ ਤਿੰਦਵਾਰੀ ਸੀਟ ਤੋਂ ਭਾਜਪਾ ਵਿਧਾਇਕ ਬ੍ਰਿਜੇਸ਼ ਪ੍ਰਜਾਪਤੀ ਨੇ ਵੀ ਅਸਤੀਫਾ ਦੇ ਦਿੱਤਾ ਹੈ।
ਇਸ ਦੌਰਾਨ ਐਨਸੀਪੀ ਮੁਖੀ ਸ਼ਰਦ ਪਵਾਰ (Sharad Pawar) ਨੇ ਕਿਹਾ ਕਿ ਯੂਪੀ ਵਿੱਚ ਵੱਖ-ਵੱਖ ਪਾਰਟੀਆਂ ਦੇ 13 ਵਿਧਾਇਕ ਸਮਾਜਵਾਦੀ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਹੇ ਹਨ।
ਇਸ ਦੇ ਨਾਲ ਹੀ ਸਮਾਜਵਾਦੀ ਪਾਰਟੀ ‘ਚ ਸ਼ਾਮਲ ਹੋਣ ਤੋਂ ਬਾਅਦ ਸਵਾਮੀ ਪ੍ਰਸਾਦ ਮੌਰਿਆ ਨੇ ਕਿਹਾ ਕਿ ਭਾਜਪਾ ਨੂੰ ਹੋਰ ਝਟਕੇ ਲੱਗ ਸਕਦੇ ਹਨ। ਸ਼ਰਦ ਪਵਾਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਯੂਪੀ ਵਿੱਚ ਸਪਾ ਅਤੇ ਹੋਰ ਪਾਰਟੀਆਂ ਦੇ ਸਮਰਥਨ ਨਾਲ ਵਿਧਾਨ ਸਭਾ ਚੋਣਾਂ ਲੜੇਗੀ।
ਸ਼ਰਦ ਪਵਾਰ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਲੋਕ ਬਦਲਾਅ ਚਾਹੁੰਦੇ ਹਨ ਅਤੇ ਸਾਨੂੰ ਸੂਬੇ ‘ਚ ਬਦਲਾਅ ਦੇਖਣ ਨੂੰ ਮਿਲੇਗਾ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਵਿੱਚ ਫਿਰਕੂ ਧਰੁਵੀਕਰਨ ਦੀ ਰਾਜਨੀਤੀ ਜ਼ੋਰਾਂ ‘ਤੇ ਹੈ। ਇਸ ਦਾ ਜਵਾਬ ਉੱਤਰ ਪ੍ਰਦੇਸ਼ ਦੀ ਜਨਤਾ ਹੁਣ ਚੋਣਾਂ ‘ਚ ਦੇਵੇਗੀ।
ਇਸ ਦੇ ਨਾਲ ਹੀ ਸੂਤਰਾਂ ਮੁਤਾਬਕ ਸਵਾਮੀ ਪ੍ਰਸਾਦ ਮੌਰਿਆ ਦੇ ਨਾਲ ਭਾਜਪਾ ਦੇ ਤਿੰਨ ਹੋਰ ਵਿਧਾਇਕ ਵੀ ਅਸਤੀਫਾ ਦੇ ਸਕਦੇ ਹਨ। ਚਰਚਾ ਹੈ ਕਿ ਮੰਤਰੀ ਦਾਰਾ ਸਿੰਘ ਚੌਹਾਨ ਵੀ ਭਾਜਪਾ ਛੱਡ ਸਕਦੇ ਹਨ। ਇੰਨਾ ਹੀ ਨਹੀਂ ਕਾਨਪੁਰ ਦੇਹਤ ਤੋਂ ਭਾਜਪਾ ਵਿਧਾਇਕ ਭਗਵਤੀ ਪ੍ਰਸਾਦ ਸਾਗਰ ਨੂੰ ਵੀ ਸਵਾਮੀ ਪ੍ਰਸਾਦ ਮੌਰਿਆ ਦੇ ਘਰ ਦੇਖਿਆ ਗਿਆ ਹੈ। ਖਬਰ ਇਹ ਵੀ ਹੈ ਕਿ ਤਿਲਹਰ ਤੋਂ ਭਾਜਪਾ ਵਿਧਾਇਕ ਰੋਸ਼ਨ ਲਾਲ ਵਰਮਾ ਵੀ ਸਪਾ ‘ਚ ਸ਼ਾਮਲ ਹੋ ਜਾਣਗੇ।
ਭਾਜਪਾ ਨਾਲੋਂ ਨਾਤਾ ਤੋੜਨ ਤੋਂ ਬਾਅਦ ਸਵਾਮੀ ਪ੍ਰਸਾਦ ਮੌਰਿਆ ਨੇ ਕਿਹਾ ਕਿ ਭਾਜਪਾ ਦੀ ਅਣਦੇਖੀ ਕਾਰਨ ਇਹ ਫੈਸਲਾ ਲੈਣਾ ਪਿਆ ਹੈ। ਮੈਨੂੰ ਕੋਈ ਪਛਤਾਵਾ ਨਹੀਂ ਹੈ। ਸਵੇਰੇ ਹੀ ਮੈਂ ਦਿਨੇਸ਼ ਸ਼ਰਮਾ ਅਤੇ ਬਾਂਸਲ ਜੀ ਨੂੰ ਮਿਲਿਆ।
1-2 ਦਿਨਾਂ ਦੇ ਅੰਦਰ ਉਡੀਕ ਕਰੋ। ਅਜੇ ਤਾਂ ਖੇਲਾ ਸ਼ੁਰੂ ਹੋਇਆ ਹੈ, ਖੇਲਾ ਦਾ ਨਤੀਜਾ ਇੱਕ-ਦੋ ਦਿਨਾਂ ਵਿੱਚ ਆ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਮੰਤਰੀ ਮੰਡਲ ਵਿੱਚ ਕਈ ਪਾਬੰਦੀਆਂ ਸਨ, ਉਹ ਉਨ੍ਹਾਂ ਨੂੰ ਖੁੱਲ੍ਹ ਕੇ ਕੰਮ ਨਹੀਂ ਕਰਨ ਦੇ ਰਹੇ ਸਨ, ਹਾਲਾਂਕਿ ਮੇਰੇ ਨਾਲ ਅਜਿਹਾ ਨਹੀਂ ਸੀ।